عربيEnglish

مريم ابنت عمران عليها السلام موسوعة القرآن الكريم

Towards providing reliable exegeses and translations of the meanings of the Noble Qur'an in the world languages

Abraham [Ibrahim] - Punjabi translation - Arif Halim

Surah Abraham [Ibrahim] Ayah 52 Location Maccah Number 14

ਅਲਿਫ਼, ਲਾਮ, ਰਾ। (ਹੇ ਨਬੀ!) ਇਹ ਉੱਚ ਕੋਟੀ ਦੀ ਕਿਤਾਬ (.ਕੁਰਆਨ) ਅਸੀਂ ਤੁਹਾਡੇ ਵੱਲ ਉਤਾਰੀ ਹੈ, ਤਾਂ ਜੋ ਤੁਸੀਂ ਲੋਕਾਂ ਨੂੰ ਹਨੇਰਿਆਂ ’ਚੋਂ ਕੱਢ ਕੇ ਰੌਸ਼ਨੀ ਵੱਲ, ਉਹਨਾਂ ਦੇ ਰੱਬ ਦੀ ਆਗਿਆ ਨਾਲ ਤੇ ਉਸੇ ਰੱਬ ਦੀ ਰਾਹ ਵੱਲ, ਲੈ ਆਓ। ਜਿਹੜਾ ਅਤਿਅੰਤ ਜ਼ੋਰਾਵਰ ਅਤੇ ਸਲਾਹਿਆ ਹੋਇਆ ਹੈ।

(ਭਾਵ) ਉਸ ਅੱਲਾਹ ਵੱਲ ਜਿਸ ਦਾ ਉਹ ਸਭ ਕੁੱਝ ਹੈ, ਜਿਹੜਾ ਅਕਾਸ਼ਾਂ ਤੇ ਧਰਤੀ ਵਿਚ ਹੈ, ਪਰ ਇਨਕਾਰੀਆਂ ਲਈ ਕਰੜਾ ਵਿਨਾਸ਼ਕਾਰੀ ਅਜ਼ਾਬ ਹੈ।

ਜਿਹੜੇ (ਲੋਕ) ਪਰਲੋਕ ਦੇ ਜੀਵਨ ਨਾਲੋਂ ਸੰਸਾਰਿਕ ਜੀਵਨ ਨੂੰ ਹੀ ਪਸੰਦ ਕਰਦੇ ਹਨ ਅਤੇ ਲੋਕਾਂ ਨੂੰ ਅੱਲਾਹ ਦੇ ਰਾਹੋਂ ਰੋਕਦੇ ਹਨ ਅਤੇ ਇਸ ਵਿਚ ਵਿੰਗ-ਵਲ ਲਭਦੇ ਹਨ, ਅਜਿਹੇ ਲੋਕ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ।

ਅਸੀਂ ਹਰੇਕ ਪੈਗ਼ੰਬਰ ਨੂੰ ਉਸੇ ਦੀ ਆਪਣੀ ਕੌਮੀ ਭਾਸ਼ਾ (ਮਾਂ-ਬੋਲੀ) ਵਿਚ ਬੋਲਣ ਵਾਲਾ ਭੇਜਿਆ ਹੈ, ਤਾਂ ਜੋ (ਰੱਬੀ ਪੈਗ਼ਾਮ ਨੂੰ) ਉਹਨਾਂ ਦੇ ਸਾਹਮਣੇ ਚੰਗੀ ਤਰ੍ਹਾਂ ਵਿਆਖਿਆ ਕਰੇ। ਫੇਰ ਅੱਲਾਹ ਜਿਸ ਨੂੰ ਚਾਹੇ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹਵੇ (ਸਿੱਧੀ) ਰਾਹ ਵਿਖਾ ਦਿੰਦਾ ਹੈ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੈ।

ਬੇਸ਼ੱਕ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇਕੇ ਭੇਜਿਆ ਕਿ ਉਹ ਆਪਣੀ ਕੌਮ (ਬਨੀ-ਇਸਰਾਈਲ) ਨੂੰ ਹਨੇਰਿਆਂ ’ਚੋਂ ਕੱਢ ਕੇ ਚਾਨਣ ਵੱਲ ਲਿਆਵੇ ਅਤੇ ਉਹਨਾਂ ਨੂੰ ਅੱਲਾਹ ਵੱਲੋਂ ਬਖ਼ਸ਼ੇ ਗਏ ਯਾਦਗਾਰ ਦਿਨਾਂ ਨੂੰ ਚੇਤੇ ਕਰਾਵੇ। ਬੇਸ਼ੱਕ ਇਹਨਾਂ (ਘਟਨਾਵਾਂ) ਵਿਚ ਹਰੇਕ ਧੀਰਜ ਤੋਂ ਕੰਮ ਲੈਣ ਵਾਲੇ ’ਤੇ ਧੰਨਵਾਦ ਕਰਨ ਵਾਲੇ ਵਿਅਕਤੀ ਲਈ (ਸਿੱਖਿਆਦਾਈ) ਨਿਸ਼ਾਨੀਆਂ ਹਨ।

(ਯਾਦ ਕਰੋ) ਜਦੋਂ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਅੱਲਾਹ ਦੇ ਉਹਨਾਂ ਅਹਿਸਾਨਾਂ ਨੂੰ ਯਾਦ ਕਰੋ ਜਿਹੜੇ ਉਸ ਨੇ ਤੁਹਾਡੇ ’ਤੇ ਕੀਤੇ ਹਨ। ਉਸ ਨੇ ਤੁਹਾਨੂੰ ਫ਼ਿਰਔਨੀਆਂ ਤੋਂ ਬਚਾਇਆ ਸੀ ਜਦੋਂ ਉਹ ਤੁਹਾਨੂੰ ਕਰੜੇ ਤਸੀਹੇ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਮਾਰ ਸੁੱਟਦੇ ਸੀ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦੀਆਂ ਰੱਖ ਛੱਡਦੇ ਸੀ। ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੀ ਬੜੀ ਵੱਡੀ ਅਜ਼ਮਾਇਸ਼ ਸੀ।

ਯਾਦ ਕਰੋ ਜਦੋਂ ਤੁਹਾਡੇ ਰੱਬ ਨੇ ਤੁਹਾਨੂੰ ਖ਼ਬਰਦਾਰ ਕੀਤਾ ਸੀ ਕਿ ਜੇ ਤੁਸੀਂ ਧੰਨਵਾਦੀ ਬਣੋਗੇ ਤਾਂ ਮੈਂ ਤੁਹਾਨੂੰ ਹੋਰ ਵੱਧ ਇਨਾਮ ਬਖ਼ਸ਼ਾਂਗਾ, ਜੇ ਤੁਸੀਂ ਨਾਸ਼ੁਕਰੀ ਕਰੋਗੇ ਤਾਂ ਮੇਰੀ ਸਜ਼ਾ ਵੀ ਕਰੜੀ ਹੈ।

ਮੂਸਾ ਨੇ (ਆਪਣੀ ਕੌਮ ਨੂੰ) ਆਖਿਆ ਕਿ ਜੇ ਤੁਸੀਂ ਇਨਕਾਰ ਕਰੋਗੇ ਅਤੇ ਇਸ ਧਰਤੀ ਦੇ ਸਾਰੇ ਵਸਨੀਕ ਵੀ ਕਾਫ਼ਿਰ ਬਣ ਜਾਣ ਤਾਂ ਬੇਸ਼ੱਕ ਅੱਲਾਹ (ਇਹਨਾਂ ਗੱਲਾਂ ਤੋਂ) ਬੇ-ਪਰਵਾਹ ਹੈ ਅਤੇ ਸ਼ਲਾਘਾਯੋਗ (ਇਹੋ) ਹੈ।

(ਹੇ ਮੱਕੇ ਵਾਲਿਓ!) ਕੀ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਲੋਕਾਂ, (ਭਾਵ) ਨੂਹ, ਆਦ ਤੇ ਸਮੂਦ ਦੀ ਕੌਮ ਅਤੇ ਇਹਨਾਂ ਤੋਂ ਮਗਰੋਂ ਹੋਈਆਂ ਕੌਮਾਂ ਦੀਆਂ ਖ਼ਬਰਾਂ ਨਹੀਂ ਪੁੱਜੀਆਂ, ਜਿਨ੍ਹਾਂ ਨੂੰ ਕੇਵਲ ਅੱਲਾਹ ਹੀ ਜਾਣਦਾ ਹੈ ? ਜਦੋਂ ਉਹਨਾਂ (ਕੌਮਾਂ) ਕੋਲ ਉਹਨਾਂ ਦੇ ਰਸੂਲ (ਖੁੱਲ੍ਹੀਆਂ) ਨਿਸ਼ਾਨੀਆਂ ਲੈ ਕੇ ਆਏ ਤਾਂ ਉਹਨਾਂ ਨੇ (ਰੁਰਾਨੀ ਨਾਲ) ਮੂੰਹ ਵਿਚ ਆਪਣੇ ਹੱਥ ਲੈ ਲਏ ਅਤੇ ਆਖਿਆ ਕਿ ਜਿਹੜਾ (ਸੁਨੇਹਾ) ਤੁਹਾਨੂੰ ਦੇ ਕੇ ਭੇਜਿਆ ਗਿਆ ਹੈ ਅਸੀਂ ਉਸ ਨੂੰ ਨਹੀਂ ਮੰਨਦੇ ਅਤੇ ਜਿਸ ਚੀਜ਼ ਵੱਲ ਤੁਸੀਂ ਸਾਨੂੰ ਬੁਲਾ ਰਹੇ ਹੋ ਉਸ ਵਿਚ ਵੀ ਸਾਨੂੰ ਦੁਵਿਧਾ ਸ਼ੰਕਾ ਹੈ।

ਉਹਨਾਂ ਦੇ ਰਸੂਲਾਂ ਨੇ ਉਹਨਾਂ ਨੂੰ ਆਖਿਆ, ਕੀ ਤੁਹਾਨੂੰ ਅੱਲਾਹ ਬਾਰੇ ਸੰਦੇਹ ਹੈ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਬਣਾਉਣ ਵਾਲਾ ਹੈ? ਉਹ ਤੁਹਾਨੂੰ (ਇਸ ਕਾਰਨ ਆਪਣੇ ਵੱਲ) ਬੁਲਾ ਰਿਹਾ ਹੈ ਤਾਂ ਜੋ ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇ ਅਤੇ ਇਕ ਨਿਯਤ ਸਮੇਂ ਤਕ ਤੁਹਾਨੂੰ (ਸੰਸਾਰ ਵਿਚ ਰਹਿਣ ਦੀ) ਮੋਹਲਤ ਦੇਵੇ। ਉਹਨਾਂ ਨੇ ਆਖਿਆ ਕਿ ਤੁਸੀਂ (ਭਾਵ ਰਸੂਲ) ਤਾਂ ਸਾਡੇ ਹੀ ਵਰਗੇ ਮਨੁੱਖ ਹੋ, ਤੁਸੀਂ ਤਾਂ ਚਾਹੁੰਦੇ ਹੋ ਕਿ ਅਸੀਂ ਉਹਨਾਂ ਇਸ਼ਟਾਂ ਦੀ ਇਬਾਦਤ ਤੋਂ ਰੁਕ ਜਾਈਏ ਜਿਨ੍ਹਾਂ ਦੀ ਇਬਾਦਤ ਸਾਡੇ ਪਿਓ-ਦਾਦੇ (ਭਾਵ ਬਜ਼ੁਰਗ) ਕਰਦੇ ਸਨ। ਚੰਗਾ, (ਜੇ ਤੁਸੀਂ ਸੱਚੇ ਹੋ ਤਾਂ) ਸਾਡੇ ਕੋਲ ਕੋਈ ਸਪਸ਼ਟ ਦਲੀਲ ਪੇਸ਼ ਕਰੋ।

ਉਹਨਾਂ ਦੇ ਪੈਗ਼ੰਬਰਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਸੱਚ ਹੈ ਕਿ ਅਸੀਂ ਤੁਹਾਡੇ ਵਰਗੇ ਹੀ ਮਨੁੱਖ ਹਾਂ, ਪਰ ਅੱਲਾਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ, ਆਪਣੀਆਂ ਮਿਹਰਾਂ (ਪੈਗ਼ੰਬਰੀ) ਨਾਲ ਨਿਵਾਜ਼ਦਾ ਹੈ। ਸਾਨੂੰ ਇਹ ਅਧਿਕਾਰ ਨਹੀਂ ਕਿ ਅੱਲਾਹ ਦੀ ਆਗਿਆ ਤੋਂ ਬਿਨਾਂ ਅਸੀਂ ਤੁਹਾਨੂੰ ਕੋਈ ਮੁਅਜਜ਼ਾ (ਰੱਬੀ ਚਮਤਕਾਰ) ਵਿਖਾ ਸਕੀਏ। ਈਮਾਨ ਵਾਲਿਆਂ ਨੂੰ ਤਾਂ ਕੇਵਲ ਅੱਲਾਹ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।

(ਪੈਗ਼ੰਬਰਾਂ ਨੇ ਆਖਿਆ ਕਿ) ਉਹ ਕਿਹੜਾ ਕਾਰਨ ਹੈ ਕਿ ਅਸੀਂ ਅੱਲਾਹ ’ਤੇ ਭਰੋਸਾ ਨਾ ਕਰੀਏ ਜਦ ਕਿ ਉਹ ਸਾਨੂੂੰ ਆਪਣੀਆਂ (ਸਿੱਧੀਆਂ) ਰਾਹਾਂ ਵਿਖਾ ਚੁੱਕਿਆ ਹੈ ? ਜਿਹੜੇ ਵੀ ਤਸੀਹੇ ਤੁਸੀਂ ਸਾ` ਦੇ ਰਹੇ ਹੋ, ਅਸੀਂ (ਭਾਵ ਰਸੂਲ) ਉਹਨਾਂ ’ਤੇ ਸਬਰ ਕਰਾਂਗੇ। ਭਰੋਸਾ ਕਰਨ ਵਾਲਿਆਂ ਨੂੰ ਤਾਂ ਇਹੋ ਸ਼ੋਭਾ ਦਿੰਦਾ ਹੈ।

ਕਾਫ਼ਿਰਾਂ ਨੇ ਆਪਣੇ ਰਸੂਲਾਂ ਨੂੰ ਆਖਿਆ ਕਿ ਅਸੀਂ ਤੁਹਾਨੂੰ ਦੇਸ਼ ਨਿਕਾਲਾ ਦੇ ਦਿਆਂਗੇ ਜਾਂ ਤੁਸੀਂ ਸਾਡੇ ਧਰਮ ਵਿਚ ਮੁੜ ਆਓ। ਉਦੋਂ ਹੀ ਉਹਨਾਂ (ਰਸੂਲਾਂ) ਦੇ ਰੱਬ ਨੇ ਉਹਨਾਂ ਵੱਲ ਵਹੀ (ਸੰਦੇਸ਼) ਭੇਜੀ ਕਿ ਅਸੀਂ ਇਹਨਾਂ ਜ਼ਾਲਮਾਂ ਨੂੰ ਜ਼ਰੂਰ ਹੀ ਬਰਬਾਦ ਕਰ ਦਿਆਂਗੇ।

ਅਤੇ ਇਹਨਾਂ (ਇਨਕਾਰੀਆਂ) ਤੋਂ ਮਗਰੋਂ ਅਸੀਂ ਤੁਹਾਨੂੰ (ਰਸੂਲਾਂ ਨੂੰ ਅਤੇ ਉਹਨਾਂ ਦੇ ਆਗਿਆਕਾਰੀਆਂ ਨੂੰ) ਧਰਤੀ ’ਤੇ ਵਸੇਬਾ ਦਿਆਂਗੇ। ਇਹ ਇਨਾਮ ਉਹਨਾਂ ਲਈ ਹੈ ਜਿਹੜੇ ਮੇਰੀ ਹਜ਼ੂਰੀ ਵਿਚ (ਕਿਆਮਤ ਦੀ ਪੁੱਛ-ਗਿੱਛ ਲਈ) ਖੜੇ ਹੋਣ ਤੋਂ ਡਰਦੇ ਹਨ ਅਤੇ ਮੇਰੀਆਂ ਚਿਤਾਵਨੀਆਂ ਤੋਂ ਭੈਅ-ਭੀਤ ਰਹਿੰਦੇ ਹਨ।

ਉਹਨਾਂ (ਇਨਕਾਰੀਆਂ) ਨੇ ਫ਼ੈਸਲਾ (ਅਜ਼ਾਬ) ਮੰਗਿਆ ਸੀ ਅਤੇ (ਇਸੇ ਫ਼ੈਸਲੇ ਕਾਰਨ) ਸਾਰੇ ਹੀ ਬਾਗ਼ੀ ਤੇ ਆਕੜਣ ਵਾਲੇ ਨਾ-ਮੁਰਾਦ ਹੋ ਗਏ।

ਇਸ ਤੋਂ ਅੱਗੇ (ਇਨਕਾਰੀਆਂ ਲਈ) ਨਰਕ ਹੈ ਜਿੱਥੇ ਉਹਨਾਂ ਨੂੰ ਪੀਪ ਵਾਲਾ ਪਾਣੀ ਪੀਣ ਲਈ ਦਿੱਤਾ ਜਾਵੇਗਾ।

ਜਿਸ ਨੂੰ ਉਹ (ਪਾਪੀ) ਘੁੱਟ-ਘੁੱਟ ਕਰਕੇ ਪੀਣਗੇ ਫੇਰ ਵੀ ਉਹ ਗੱਲ ਤੋਂ ਥੱਲੇ ਨਹੀਂ ਲੰਘਾ ਸਕਨਗੇ। ਹਰ ਪਾਸਿਓਂ ਮੌਤ ਉਹਨਾਂ ਵੱਲ ਵਧੇਗੀ, ਪਰ ਉਹ ਮਰਨਗੇ ਨਹੀਂ, ਕਿਉਂ ਜੋ ਉਹਨਾਂ ਦੇ ਅੱਗੇ ਅਤਿ ਕਰੜਾ ਅਜ਼ਾਬ ਹੋਵੇਗਾ।

ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦਾ ਇਨਕਾਰ ਕੀਤਾ ਹੈ ਉਹਨਾਂ ਦੇ ਕਰਮਾਂ ਦੀ ਮਿਸਾਲ ਉਸ ਸੁਹਾਅ ਵਾਂਗ ਹੈ ਜਿਸ ਨੂੰ ਤੇਜ਼ ਹਨੇਰੀ ਵਾਲੇ ਦਿਨ ਦੀ ਹਵਾ ਨੇ ਉਡਾ ਦਿੱਤਾ ਹੋਵੇ। (ਇਸੇ ਪ੍ਰਕਾਰ ਕਿਆਮਤ ਦਿਹਾੜੇ) ਜੋ ਵੀ ਉਹਨਾਂ (ਕਾਫ਼ਿਰਾਂ) ਨੇ (ਸੰਸਾਰ ਵਿਚ) ਕਮਾਇਆ ਹੈ, ਉਹ ਉਸ ਵਿੱਚੋਂ ਕਿਸੇ ’ਤੇ ਵੀ ਕੋਈ ਅਧਿਕਾਰ ਨਹੀਂ ਰੱਖਦੇ ਹੋਣਗੇ। ਇਹ ਪਰਲੇ ਦਰਜੇ ਦੀ ਗੁਮਰਾਹੀ ਹੈ।

ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਅਕਾਸ਼ ਤੇ ਧਰਤੀ ਦੀ ਰਚਨਾ ਹੱਕ-ਸੱਚ ਨਾਲ ਕੀਤੀ ਹੈ ਜੇ ਉਹ (ਅੱਲਾਹ) ਚਾਹੇ ਤਾਂ ਤੁਹਾਨੂੰ ਸਾਰਿਆਂ ਨੂੰ (ਸੰਸਾਰ ਵਿੱਚੋਂ) ਲੈ ਜਾਵੇ ਅਤੇ (ਤੁਹਾਡੀ ਥਾਂ) ਇਕ ਨਵੀਂ ਮਖ਼ਲੂਕ (ਰਚਨਾਂ) ਲੈ ਆਵੇ।

ਅਤੇ ਅੱਲਾਹ ਲਈ ਇਹ ਕੰਮ ਕਰਨਾ ਕੁੱਝ ਵੀ ਔਖਾ ਨਹੀਂ।

ਸਾਰੇ ਹੀ ਲੋਕ (ਕਿਆਮਤ ਦਿਹਾੜੇ) ਅੱਲਾਹ ਦੇ ਹਜ਼ੂਰ ਖੜੇ ਹੋਣਗੇ, ਫੇਰ ਕਮਜ਼ੋਰ ਲੋਕ (ਸੰਸਾਰ ਵਿਚ) ਘਮੰਡ ਕਰਨ ਵਾਲੇ (ਆਗੂਆਂ) ਨੂੰ ਕਹਿਣਗੇ ਕਿ ਅਸੀਂ ਤਾਂ ਤੁਹਾਡੇ ਹੀ ਅਧੀਨ ਸੀ, ਕੀ ਤੁਸੀਂ ਸਾਥੋਂ ਅੱਲਾਹ ਦਾ ਥੋੜ੍ਹਾ ਜਿਹਾ ਅਜ਼ਾਬ ਦੂਰ ਕਰ ਸਕਦੇ ਹੋ ? ਉਹ (ਆਗੂ) ਆਖਣਗੇ ਕਿ ਜੇ ਅੱਲਾਹ ਸਾਨੂੰ ਹਿਦਾਇਤ ਦਿੰਦਾ ਤਾਂ ਅਸੀਂ ਜ਼ਰੂਰ ਤੁਹਾਨੂੰ ਹਿਦਾਇਤ ਦਿੰਦੇ। ਹੁਣ ਭਾਵੇਂ ਅਸੀਂ ਰੋਈਏ ਭਾਵੇਂ ਸਹਿਣ ਕਰੀਏ, ਸਾਡੇ ਲਈ ਇਕ ਸਮਾਨ ਹੈ। ਸਾਡੇ ਲਈ ਭੱਜਣ ਲਈ ਕੋਈ ਥਾਂ ਨਹੀਂ।

ਜਦੋਂ (ਕਰਮਾਂ ਦਾ) ਫ਼ੈਸਲਾ ਹੋ ਚੁੱਕੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤਾਂ ਤੁਹਾਡੇ ਨਾਲ ਸੱਚਾ ਵਾਅਦਾ ਕੀਤਾ ਸੀ ਅਤੇ ਜਿਹੜੇ ਵਾਅਦੇ ਮੈਂਨੇ ਤੁਹਾਡੇ ਨਾਲ ਕੀਤੇ ਸੀ, ਉਹਨਾਂ ’ਚੋਂ ਕੋਈ ਵੀ ਪੂਰਾ ਨਹੀਂ ਕੀਤਾ। ਮੇਰਾ ਤੁਹਾਡੇ ’ਤੇ ਕੋਈ ਜ਼ੋਰ ਨਹੀਂ ਸੀ (ਕਿ ਮੇਰੇ ਆਖੇ ਲੱਗੋ)। ਮੈਂਨੇ ਤੁਹਾਨੂੰ (ਆਪਣੇ ਵੱਲ) ਬੁਲਾਇਆ ਅਤੇ ਤੁਸੀਂ ਮੇਰੀ ਗੱਲ ਮੰਨੀ ਸੋ ਮੈਨੂੰ ਦੋਸ਼ ਨਾ ਦਿਓ ਸਗੋਂ ਆਪਣੇ ਆਪ ਦੀ ਹੀ ਨਿੰਦਾ ਕਰੋ। ਇੱਥੇ ਨਾ ਹੀ ਮੈਂ ਤੁਹਾਡੀਆਂ ਬੇਨਤੀਆਂ ਮੰਣਨ ਵਾਲਾ ਹਾਂ ਅਤੇ ਨਾ ਹੀ ਤੁਸੀਂ ਮੇਰੀ ਬੇਨਤੀਆਂ ਨੂੰ ਪਰਵਾਨ ਕਰ ਸਕਦੇ ਹੋ। ਮੈਂ (ਸ਼ੈਤਾਨ) ਤਾਂ ਇਹ ਵੀ ਮੰਣਨ ਨੂੰ ਤਿਆਰ ਨਹੀਂ ਕਿ ਤੁਸੀਂ ਮੈਨੂੰ ਇਸ (ਕਿਆਮਤ) ਤੋਂ ਪਹਿਲਾਂ ਰੱਬ ਦਾ ਸ਼ਰੀਕ ਮੰਨਦੇ ਸੀ। ਬੇਸ਼ੱਕ ਜ਼ਾਲਮਾਂ ਲਈ ਦਰਦਨਾਕ ਅਜ਼ਾਬ ਹੈ।

ਜਿਹੜੇ ਲੋਕੀ ਈਮਾਨ ਲਿਆਏ ਅਤੇ ਨੇਕ ਕੰਮ ਵੀ ਕੀਤੇ ਉਹ ਉਹਨਾਂ ਸਵਰਗਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ ਆਪਣੇ ਰੱਬ ਦੀ ਆਗਿਆ ਨਾਲ ਸਦਾ ਲਈ ਰਹਿਣਗੇ ਤੇ ਉੱਥੇ ਉਹਨਾਂ ਦਾ ਸਵਾਗਤ “ਸਲਾਮ” ਨਾਲ ਹੋਵੇਗਾ।[1]

(ਹੇ ਨਬੀ!) ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਪਵਿੱਤਰ ਕਲਮੇਂ (ਇਸਲਾਮ) ਦੀ ਉਦਾਹਰਨ ਕਿਵੇਂ ਦਿੱਤੀ ਹੈ ਕਿ ਉਹ ਇਕ ਪਾਕੀਜ਼ਾ ਦਰਖ਼ਤ ਵਾਂਗ ਹੈ, ਜਿਸ ਦੀਆਂ ਜੜ੍ਹਾਂ ਮਜ਼ਬੂਤ ਹਨ ਅਤੇ ਉਸ ਦੀਆਂ ਟਹਿਣੀਆਂ ਅਕਾਸ਼ ਵਿਚ ਹਨ।

ਉਹ ਆਪਣੇ ਰੱਬ ਦੇ ਹੁਕਮ ਨਾਲ ਹਰ ਵੇਲੇ ਫਲ ਦਿੰਦਾ ਹੈ। ਅੱਲਾਹ ਇਹ ਉਦਾਹਰਣਾਂ ਇਸ ਲਈ ਦਿੰਦਾ ਹੈ, ਤਾਂ ਜੋ ਲੋਕੀਂ ਸਿੱਖਿਆ ਪ੍ਰਾਪਤ ਕਰ ਸਕਣ।

ਅਪਵਿੱਤਰ ਬੋਲ ਭਾਵ (ਸ਼ਿਰਕ ਤੇ ਕੁਫ਼ਰ) ਦੀ ਉਦਾਹਰਨ ਇਕ ਭੈੜੇ ਕਿਸਮ ਦੇ ਦਰਖ਼ਤ ਵਾਂਗ ਹੈ ਜਿਹੜਾ ਧਰਤੀ ਦੇ ਉੱਤੋਂ ਪੁੱਟ ਲਿਆ ਜਾਵੇ। (ਭਾਵ ਉਸ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ) ਉਹ ਟਿਕਾਓ ਨਹੀਂ ਹੁੰਦਾ।

ਅੱਲਾਹ ਈਮਾਨ ਵਾਲਿਆਂ ਨੂੰ ਇਹਨਾਂ ਠੋਸ ਗੱਲਾਂ (ਪਵਿੱਤਰ ਕਲਮੇਂ) ਰਾਹੀਂ ਲੋਕ-ਪਰਲੋਕ ਵਿਚ ਦ੍ਰਿੜ੍ਹਤਾ ਬਖ਼ਸ਼ਦਾ ਹੈ।[2] ਅੱਲਾਹ ਜ਼ਾਲਮਾਂ ਨੂੰ ਕੁਰਾਹੇ ਪਾਉਂਦਾ ਹੈ ਅਤੇ ਅੱਲਾਹ ਜੋ ਵੀ ਚਾਹੁੰਦਾ ਹੈ ਕਰਦਾ ਹੈ।

(ਹੇ ਨਬੀ ਸ:!) ਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੇ ਅੱਲਾਹ ਦੀ ਨਿਅਮਤ (ਈਮਾਨ) ਨੂੰ ਕੁਫ਼ਰ ਨਾਲ ਬਦਲ ਲਿਆ ਅਤੇ ਆਪਣੀ ਕੌਮ ਨੂੰ ਵੀ ਬਰਬਾਦੀ ਦੇ ਘਰ ਵਿਚ ਧੱਕ ਦਿੱਤਾ।

ਭਾਵ ਉਹ ਸਾਰੇ ਉਸ ਨਰਕ ਵਿਚ ਜਾਣਗੇ ਅਤੇ ਜਿਹੜਾ ਬਹੁਤ ਹੀ ਭੈੜਾ ਟਿਕਾਣਾ ਹੈ।

ਉਹਨਾਂ ਨੇ ਅੱਲਾਹ ਦੇ ਸ਼ਰੀਕ ਬਣਾ ਰੱਖੇ ਹਨ ਤਾਂ ਜੋ ਲੋਕਾਂ ਨੂੰ ਉਹਦੇ (ਅੱਲਾਹ ਦੇ) ਰਾਹੋਂ ਕੁਰਾਹੇ ਪਾ ਦੇਣ। (ਹੇ ਨਬੀ!) ਤੁਸੀਂ ਆਖ ਦਿਓ ਕਿ (ਦੁਨੀਆਂ ਦਾ) ਲਾਭ ਉਠਾ ਲਓ, ਅੰਤ ਤੁਹਾਡਾ ਟਿਕਾਣਾ ਤਾਂ ਨਰਕ ਦੀ ਅੱਗ ਹੀ ਹੈ।

(ਹੇ ਨਬੀ!) ਮੇਰੇ ਈਮਾਨ ਵਾਲੇ ਬੰਦਿਆਂ ਨੂੰ ਆਖ ਦਿਓ ਕਿ ਨਮਾਜ਼ ਕਾਇਮ ਕਰਨ ਅਤੇ ਜੋ ਵੀ ਅਸੀਂ ਉਹਨਾਂ ਨੂੰ ਬਖ਼ਸ਼ਿਆ ਹੈ, ਉਸ ਵਿੱਚੋਂ ਕੁੱਝ ਨਾ ਕੁੱਝ ਲੁਕਾਵਾਂ ਜਾਂ ਐਲਾਨੀਆਂ (ਰੱਬ ਦੀ ਰਾਹ ਵਿਚ) ਖ਼ਰਚ ਕਰਨ। ਇਸ ਤੋਂ ਪਹਿਲਾਂ ਕਿ ਉਹ (ਕਿਆਮਤ ਦਾ) ਦਿਹਾੜਾ ਆਵੇ, ਜਿਸ ਵਿਚ ਨਾ ਕੋਈ ਸੌਦੇਬਾਜ਼ੀ ਹੋਵੇਗੀ ਅਤੇ ਨਾ ਹੀ ਦੋਸਤੀ ਕੰਮ ਆਵੇਗੀ।

ਅੱਲਾਹ ਉਹ ਹੈ ਜਿਸ ਨੇ ਅਕਾਸ਼ਾਂ ਨੂੰ ਤੇ ਧਰਤੀ ਨੂੰ ਪੈਦਾ ਕੀਤਾ ਅਤੇ ਅਕਾਸ਼ ਤੋਂ ਪਾਣੀ ਨਾਜ਼ਿਲ ਕੀਤਾ, ਫੇਰ ਉਸੇ (ਪਾਣੀ) ਰਾਹੀਂ ਤੁਹਾਡੇ ਰਿਜ਼ਕ ਵਜੋਂ ਤਰ੍ਹਾਂ-ਤਰ੍ਹਾਂ ਦੇ ਫਲ ਪੈਦਾ ਕੀਤੇ ਅਤੇ ਕਿਸ਼ਤੀਆਂ (ਬੇੜੀਆਂ) ਨੂੰ ਤੁਹਾਡੇ ਵੱਸ ਵਿਚ ਕਰ ਛੱਡਿਆ ਹੈ ਤਾਂ ਜੋ ਸਮੁੰਦਰਾਂ ਵਿਚ ਉਹ ਦੇ ਹੁਕਮ ਨਾਲ ਚੱਲਣ ਅਤੇ ਦਰਿਆਵਾਂ ਨੂੰ ਤੁਹਾਡੇ ਵੱਸ ਵਿਚ ਕੀਤਾ ਹੋਇਆ ਹੈ।

(ਉਸੀ ਅੱਲਾਹ ਨੇ) ਸੂਰਜ ਤੇ ਚੰਨ ਨੂੰ ਤੁਹਾਡੀ ਸੇਵਾ ’ਤੇ ਲਾਇਆ ਜੋ ਕਿ ਲਗਾਤਾਰ ਚੱਲ ਰਹੇ ਹਨ ਅਤੇ ਰਾਤ ਤੇ ਦਿਨ ਨੂੰ ਵੀ ਤੁਹਾਡੀ ਸੇਵਾ ’ਤੇ ਲਾ ਰੱਖਿਆ ਹੈ।

ਅਤੇ ਤੁਹਾਨੂੰ ਹਰ ਉਹ ਚੀਜ਼ ਬਖ਼ਸ਼ੀ ਹੈ ਜੋ ਤੁਸੀਂ ਉਸ ਤੋਂ ਮੰਗੀ। ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਉਹਨਾਂ ਨੂੰ ਗਿਣ ਨਹੀਂ ਸਕਦੇ। ਬੇਸ਼ੱਕ ਮਨੁੱਖ ਬਹੁਤ ਹੀ ਬੇਇਨਸਾਫ਼ ਤੇ ਨਾਸ਼ੁਕਰਾ ਹੈ।

ਹੇ ਨਬੀ! ਇਹ ਵੀ ਯਾਦ ਕਰੋ ਕਿ ਜਦੋਂ ਇਬਰਾਹੀਮ ਨੇ ਅਰਦਾਸ ਕੀਤੀ ਸੀ ਕਿ ਹੇ ਮੇਰੇ ਮਾਲਿਕ! ਇਸ ਸ਼ਹਿਰ (ਮੱਕੇ) ਨੂੰ ਅਮਨ ਸ਼ਾਂਤੀ ਵਾਲਾ ਸ਼ਹਿਰ ਬਣਾ ਦੇ ਅਤੇ ਮੈਨੂੰ ਅਤੇ ਮੇਰੀ ਸੰਤਾਨ ਨੂੰ ਮੂਰਤੀ ਪੂਜਾ ਤੋਂ ਬਚਾ ਲੈ।

(ਅਤੇ ਕਿਹਾ ਕਿ) ਹੇ ਮੇਰਿਆ ਰੱਬਾ! ਇਹਨਾਂ (ਮੂਰਤੀਆਂ) ਨੇ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਇਆ ਹੈ, ਸੋ ਜਿਹੜਾ ਵੀ (ਮੇਰੀ ਸੰਤਾਨ ਵਿੱਚੋਂ) ਮੇਰੀ ਪੈਰਵੀ ਕਰੇਗਾ, ਉਹੀਓ ਮੇਰਾ ਹੈ ਅਤੇ ਜਿਹੜਾ ਮੇਰੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਤੂੰ ਬਖ਼ਸ਼ਣਹਾਰ ਤੇ ਮਿਹਰਬਾਨ ਹੈ।

ਹੇ ਸਾਡੇ ਰੱਬਾ! ਬੇਸ਼ੱਕ ਮੈਂ ਨੇ ਆਪਣੇ ਪਰਿਵਾਰ ਦਾ ਇਕ ਭਾਗ ਤੇਰੇ ਪਵਿੱਤਰ ਘਰ (ਖ਼ਾਨਾ- ਕਾਅਬਾ) ਦੇ ਲਾਗੇ ਇਕ ਰੋਹੀ ਬਿਆਬਾਨ ਵਿਚ ਲਿਆ ਵਸਾਇਆ ਹੈ।[3] ਹੇ ਸਾਡੇ ਰੱਬਾ! (ਇਹ ਮੈਂ ਇਸ ਲਈ ਕੀਤਾ ਹੈ) ਕਿ ਉਹ (ਉੱਥੇ) ਨਮਾਜ਼ ਕਾਇਮ ਕਰਨ, ਇਸ ਲਈ ਤੂੰ ਵੀ ਕੁੱਝ ਲੋਕਾਂ ਦੇ ਦਿਲਾਂ ਨੂੰ ਇਸ ਵਿਚ ਰਹਿਣ ਦਾ ਇੱਛੁਕ ਬਣਾ ਦੇ ਅਤੇ ਇਹਨਾਂ ਨੂੰ ਹਰ ਤਰ੍ਹਾਂ ਦੇ ਫਲਾਂ ਦੁਆਰਾ ਰਿਜ਼ਕ ਦੇ, ਤਾਂ ਜੋ ਇਹ (ਤੇਰੇ) ਧੰਨਵਾਦੀ ਹੋਣ।

ਹੇ ਮੇਰੇ ਮਾਲਿਕ! ਬੇਸ਼ੱਕ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਅਸੀਂ (ਦਿਲਾਂ ਵਿਚ) ਲੁਕਾਉਂਦੇ ਹਾਂ ਅਤੇ ਜੋ ਪ੍ਰਗਟ ਕਰਦੇ ਹਾਂ। ਧਰਤੀ ਤੇ ਅਕਾਸ਼ ਦੀ ਕੋਈ ਵੀ ਵਸਤੂ ਅੱਲਾਹ ਤੋਂ ਲੁਕੀ ਹੋਈ ਨਹੀਂ।

ਇਬਰਾਹੀਮ ਨੇ ਆਖਿਆ ਕਿ ਸ਼ੁਕਰ ਹੈ ਉਸ ਮਾਲਿਕ ਦਾ ਜਿਸ ਨੇ ਮੈਨੂੰ ਇਸ ਬੁਢਾਪੇ ਵਿਚ ਇਸਮਾਈਲ (ਪੁੱਤਰ) ਤੇ ਇਸਹਾਕ (ਪੋਤਰਾ) ਬਖ਼ਸ਼ੇ। ਬੇਸ਼ੱਕ ਮੇਰਾ ਪਾਲਣਹਾਰ ਦੁਆਵਾਂ ਨੂੰ ਸੁਣਨ ਵਾਲਾ ਹੈ।

ਇਬਰਾਹੀਮ ਨੇ ਦੁਆ ਕੀਤੀ ਕਿ ਹੇ ਮੇਰੇ ਅੱਲਾਹ! ਮੈਨੂੰ ਤੇ ਮੇਰੀ ਸੰਤਾਨ ਨੂੰ ਨਮਾਜ਼ ਕਾਇਮ ਕਰਨ ਵਾਲਾ ਬਣਾ। ਹੇ ਸਾਡੇ ਰੱਬ! ਮੇਰੀ ਦੁਆ ਨੂੰ ਕਬੂਲ ਕਰ ਲੈ।

ਹੇ ਮੇਰੇ ਪਾਲਣਹਾਰ! ਜਿਸ ਦਿਨ ਲੇਖਾ-ਜੋਖਾ ਹੋਵੇਗਾ ਉਸ ਦਿਨ ਮੈਨੂੰ, ਮੇਰੇ ਮਾਂ-ਪਿਓ ਨੂੰ ਅਤੇ ਸਾਰੇ ਮੋਮਿਨਾਂ ਨੂੰ ਵੀ ਬਖ਼ਸ਼ ਦੇਵੀਂ।

(ਹੇ ਨਬੀ!) ਤੁਸੀਂ ਇਹ ਨਾ ਸਮਝੋ ਕਿ ਅੱਲਾਹ ਉਹਨਾਂ ਜ਼ਾਲਮਾਂ ਦੇ ਜ਼ੁਲਮ ਤੋਂ ਅਚੇਤ ਹੈ। ਉਹ ਤਾਂ ਉਹਨਾਂ (ਕਾਫ਼ਿਰਾਂ) ਨੂੰ ਉਸ (ਕਿਆਮਤ) ਦਿਹਾੜੇ ਤਕ ਮੋਹਲਤ ਦੇਵੇਗਾ ਜਿਸ ਦਿਨ ਅੱਖਾਂ ਫ਼ਟੀਆਂ ਰਹਿ ਜਾਣਗੀਆਂ।

(ਉਸ ਦਿਨ) ਉਹ (ਕਾਫ਼ਿਰ) ਆਪਣੇ ਸਿਰ (ਮੂੰਹ) ਉਤਾਂਹ ਚੁੱਕੀ (ਹਸ਼ਰ ਦੇ ਮੈਦਾਨ ਵੱਲ) ਨੱਸੇ ਜਾ ਰਹੇ ਹੋਣਗੇ, ਉਹਨਾਂ ਦੀਆਂ ਨਜ਼ਰਾਂ ਆਪਣੇ ਵੱਲ ਵੀ ਨਹੀਂ ਜਾਣਗੀਆਂ ਅਤੇ ਉਹਨਾਂ ਦੇ ਦਿਲ (ਦਹਿਸ਼ਤ ਨਾਲ) ਉੱਡੇ ਜਾ ਰਹੇ ਹੋਣਗੇ।

(ਹੇ ਨਬੀ ਸ:!) ਲੋਕਾਂ ਨੂੰ ਉਸ (ਕਿਆਮਤ ਦਿਹਾੜੇ) ਤੋਂ ਸਾਵਧਾਨ ਕਰ ਦਿਓ ਜਦੋਂ ਉਹਨਾਂ ਨੂੰ ਅਜ਼ਾਬ ਆ ਘੇਰੇਗਾ ਅਤੇ ਜ਼ਾਲਮ ਲੋਕ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਥੋੜ੍ਹੀ ਜਿਹੀ ਮੋਹਲਤ ਹੋਰ ਦੇ ਦਿਓ, ਤਾਂ ਜੋ ਅਸੀਂ ਤੇਰੇ ਸੱਦੇ ਨੂੰ ਸਵੀਕਾਰ ਕਰੀਏ ਅਤੇ ਤੇਰੇ ਰਸੂਲਾਂ ਦੇ ਹੁਕਮਾਂ ਦੀ ਪਾਲਣਾ ਕਰੀਏ। (ਅੱਲਾਹ ਆਖੇਗਾ) ਕੀ ਤੁਸੀਂ ਇਸ ਤੋਂ ਪਹਿਲਾਂ ਸੁੰਹਾਂ ਖਾ ਖਾ ਕੇ ਆਖਦੇ ਨਹੀਂ ਸੀ ਕਿ ਅਸੀਂ ਤਾਂ ਸੰਸਾਰ ਤੋਂ ਕਦੇ ਜਾਣਾ ਹੀ ਨਹੀਂ ?

ਤੁਸੀਂ ਉਹਨਾਂ ਲੋਕਾਂ ਦੀਆਂ ਬਸਤੀਆਂ ਵਿਚ ਰਹਿੰਦੇ ਵੱਸਦੇ ਸੀ, ਜਿਨ੍ਹਾਂ ਨੇ ਆਪੋ ਆਪਣੇ ’ਤੇ ਜ਼ੁਲਮ ਕੀਤਾ ਸੀ ਅਤੇ ਤੁਹਾਨੂੰ ਇਹ ਵੀ ਪਤਾ ਸੀ ਕਿ ਅਸੀਂ ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਸੀ। ਅਸੀਂ ਤਾਂ ਤੁਹਾਡੇ ਸਮਝਾਉਣ ਲਈ ਬਥੇਰੀਆਂ ਉਦਾਹਰਣਾਂ ਵੀ ਦਿੱਤੀਆਂ ਸੀ।

ਉਹ ਆਪਣੀਆਂ ਚਾਲਾਂ ਚੱਲ ਚੁੱਕੇ ਅਤੇ ਅੱਲਾਹ ਉਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਅੱਲਾਹ ਜਾਣਦਾ ਹੈ ਉਹਨਾਂ ਦੀਆਂ ਚਾਲਾਂ ਅਜਿਹੀਆਂ ਵੀ ਨਹੀਂ ਸੀ ਕਿ (ਉਹਨਾਂ ਚਾਲਾਂ ਨਾਲ) ਪਹਾੜ ਹੀ ਹਿਲ ਜਾਂਦੇ।

(ਹੇ ਮੁਹੰਮਦ ਸ:!) ਤੁਸੀਂ ਉੱਕਾ ਹੀ ਇਹ ਵਿਚਾਰ ਨਾ ਕਰੋ ਕਿ ਅੱਲਾਹ ਆਪਣੇ ਪੈਗ਼ੰਬਰਾਂ ਨੂੰ ਦਿੱਤੇ ਵਚਨਾਂ ਤੋਂ ਫਿਰ ਜਾਵੇਗਾ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਬਦਲਾ ਲੈਣ ਵਾਲਾ ਹੈ।

ਜਿਸ ਦਿਨ ਇਹ ਧਰਤੀ ਦੂਜੀ ਧਰਤੀ ਨਾਲ ਬਦਲ ਦਿੱਤੀ ਜਾਵੇਗੀ ਅਤੇ ਅਕਾਸ਼ ਵੀ (ਬਦਲ ਦਿੱਤਾ ਜਾਵੇਗਾ) ਸਾਰੇ ਲੋਕ ਅੱਲਾਹ ਦੇ ਹਜ਼ੂਰ ਪੇਸ਼ ਕੀਤੇ ਜਾਣਗੇ, ਜਿਹੜਾ ਇੱਕੋ-ਇੱਕ ਤੇ ਜ਼ੋਰਾਵਰ ਹੈ।

ਤੁਸੀਂ (ਹੇ ਨਬੀ!) ਉਸ ਦਿਨ ਸਾਰੇ ਅਪਰਾਧੀਆਂ ਨੂੰ ਸੰਗਲਾਂ ਨਾਲ ਜਕੜੇ ਹੋਏ ਵੇਖੋਗੇ।

ਉਹਨਾਂ (ਪਾਪੀਆਂ) ਦੇ ਕੱਪੜੇ ਲੁੱਕ ਦੇ ਹੋਣਗੇ ਅਤੇ ਅੱਗ ਦੀਆਂ ਲਾਟਾਂ ਨਾਲ ਉਹਨਾਂ ਦੇ ਮੂੰਹ ਢਕੇ ਹੋਣਗੇ।

(ਇਹ ਸਭ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਹਰ ਪ੍ਰਾਣੀ ਨੂੰ ਉਸ ਦੀ ਕਮਾਈ ਦਾ ਬਦਲਾ ਦੇਵੇ। ਬੇਸ਼ੱਕ ਅੱਲਾਹ ਨੂੰ ਹਿਸਾਬ ਲੈਣ ਵਿਚ ਕੁੱਝ ਵੀ ਦੇਰ ਨਹੀਂ ਲਗਦੀ।

ਇਹ (.ਕੁਰਆਨ) ਸਾਰੇ ਲੋਕਾਂ ਲਈ (ਰੱਬੀ) ਪੈਗ਼ਾਮ ਹੈ, ਤਾਂ ਜੋ ਇਸ ਰਾਹੀਂ ਲੋਕਾਂ ਨੂੰ ਖ਼ਬਰਦਾਰ ਕੀਤਾ ਜਾਵੇ ਅਤੇ ਉਹ ਜਾਣ ਲੈਣ ਕਿ ਅੱਲਾਹ ਹੀ ਇੱਕੋ ਇਕ ਇਸ਼ਟ ਹੈ ਅਤੇ ਜਿਹੜੇ ਅਕਲ ਵਾਲੇ ਹਨ, ਉਹ ਨਸੀਹਤ ਪ੍ਰਾਪਤ ਕਰ ਲੈਣ।