عربيEnglish

The Noble Qur'an Encyclopedia

Towards providing reliable exegeses and translations of the meanings of the Noble Qur'an in the world languages

The private apartments [Al-Hujraat] - Punjabi translation - Arif Halim

Surah The private apartments [Al-Hujraat] Ayah 18 Location Madanah Number 49

1਼ ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਤੋਂ (ਕਿਸੇ ਪੱਖੋਂ ਵੀ) ਅਗਾਂਹ ਨਾ ਵਧੋ 1 ਅਤੇ ਅੱਲਾਹ ਤੋਂ ਡਰਦੇ ਰਿਹਾ ਕਰੋ, ਅੱਲਾਹ (ਹਰ ਗੱਲ) ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

2਼ ਹੇ ਈਮਾਨ ਵਾਲਿਓ! ਆਪਣੀਆਂ ਆਵਾਜ਼ਾਂ ਨਬੀ (ਮੁਹੰਮਦ ਸ:) ਦੀ ਅਵਾਜ਼ ਨਾਲੋਂ ਉੱਚੀ ਨਾ ਕਰੋ ਅਤੇ ਨਾ ਹੀ ਉਹਨਾਂ ਨਾਲ ਉੱਚੀ ਆਵਾਜ਼ ਕਰਕੇ ਗੱਲ ਕਰੋ ਜਿਵੇਂ ਤੁਸੀਂ ਇਕ-ਦੂਜੇ ਨਾਲ ਉੱਚੀ ਆਵਾਜ਼ ਨਾਲ ਗੱਲਬਾਤ ਕਰਦੇ ਹੋ। ਕਿਤੇ ਇੰਜ ਨਾ ਹੋਵੇ ਕਿ ਤੁਹਾਡੇ ਕਿਤੇ ਕਰਾਏ ਸਾਰੇ ਕੰਮ ਵਿਅਰਥ ਹੀ ਚਲੇ ਜਾਣ ਅਤੇ ਤੁਹਾਨੂੰ ਪਤਾ ਵੀ ਨਾ ਲੱਗੇ।

3਼ ਜਿਹੜੇ ਲੋਕ ਅੱਲਾਹ ਦੇ ਪੈਗ਼ੰਬਰ (ਮੁਹੰਮਦ ਸ:) ਦੀ ਹਜ਼ੂਰੀ ਵਿਚ ਆਪਣੀਆਂ ਆਵਾਜ਼ਾਂ ਨੀਵੀਆਂ ਰੱਖਦੇ ਹਨ, ਇਹੋ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਦੀ ਪਰਖ ਅੱਲਾਹ ਨੇ ਪਰਹੇਜ਼ਗਾਰੀ ਲਈ ਕਰ ਲਈ ਹੈ। ਉਹਨਾਂ ਲਈ (ਅੱਲਾਹ ਵੱਲੋਂ) ਬਖ਼ਸ਼ਿਸ਼ ਹੈ ਅਤੇ (ਚੰਗੇ ਕੰਮਾਂ ਦਾ) ਬਹੁਤ ਵੱਡਾ ਬਦਲਾ ਹੈ।

4਼ (ਹੇ ਨਬੀ!) ਜਿਹੜੇ ਲੋਕ ਤੁਹਾਨੂੰ ਕਮਰਿਆਂ ਦੇ ਬਾਹਰੋਂ ਆਵਾਜ਼ਾਂ ਦਿੰਦੇ ਹਨ ਉਹਨਾਂ ਵਿੱਚੋਂ ਬਹੁਤੇ ਲੋਕ ਬੇ-ਅਕਲ ਹਨ।

5਼ ਜੇ ਉਹ ਲੋਕ ਸਬਰ ਤੋਂ ਕੰਮ ਲੈਂਦੇ ਕਿ ਤੁਸੀਂ ਆਪ ਹੀ ਉਹਨਾਂ ਕੋਲ ਆ ਜਾਂਦੇ ਤਾਂ ਉਹਨਾਂ ਲਈ ਵਧੇਰੇ ਚੰਗਾ ਹੁੰਦਾ। ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।

6਼ ਹੇ ਈਮਾਨ ਵਾਲਿਓ! ਜੇ ਕੋਈ ਝੂਠਾ ਵਿਅਕਤੀ ਤੁਹਾਨੂੰ ਕੋਈ ਸੂਚਨਾ ਦੇਵੇ ਤਾਂ ਉਸ ਦੀ ਜਾਂਚ-ਪੜ੍ਹਤਾਲ ਕਰ ਲਿਆ ਕਰੋ। ਇੰਜ ਨਾ ਹੋਵੇ ਕਿ ਤੁਸੀਂ ਕਿਸੇ ਕੌਮ ਨੂੰ ਅਣਜਾਣਪੁਣੇ ਵਿਚ ਨੁਕਸਾਨ ਪੁਚਾ ਬੈਠੋ ਅਤੇ ਫੇਰ ਤੁਹਾਨੂੰ ਆਪਣੀ ਕਰਨੀ ’ਤੇ ਪਛਤਾਵਾ ਹੋਵੇ।

7਼ ਭਲੀ ਭਾਂਤ ਜਾਣ ਜਾਓ! ਕਿ ਤੁਹਾਡੇ ਵਿਚਾਲੇ ਅੱਲਾਹ ਦਾ ਰਸੂਲ ਮੌਜੂਦ ਹੈ। ਜੇ ਉਹ ਸਾਰੇ ਮਾਮਲਿਆਂ ਵਿਚ ਤੁਹਾਡੀ ਗੱਲ ਮੰਨ ਲਿਆ ਕਰੇ ਤਾਂ ਤੁਸੀਂ ਆਪੋ ਔਕੜਾਂ ਵਿਚ ਫਸ ਜਾਂਦੇ, ਪਰ ਅੱਲਾਹ ਨੇ ਤੁਹਾਨੂੰ ਈਮਾਨ ਦਾ ਮੋਹ ਬਖ਼ਸ਼ਿਆ ਅਤੇ ਉਸ ਨੂੰ ਤੁਹਾਡੇ ਲਈ ਮਨ-ਭਾਉਂਦਾ ਬਣਾ ਦਿੱਤਾ ਅਤੇ ਉਸ ਨੇ ਤੁਹਾਡੇ ਲਈ ਕੁਫ਼ਰ, ਝੂਠ ਤੇ ਅਵੱਗਿਆ ਨੂੰ ਨਾ-ਪਸੰਦ ਬਣਾ ਛੱਡਿਆ ਹੈ। ਇਹੋ ਲੋਕ ਸਿੱਧੀ ਰਾਹ ਚੱਲਣ ਵਾਲੇ ਤੇ ਹਿਦਾਇਤ ਵਾਲੇ ਹਨ।

8਼ ਇਹ ਸਭ ਅੱਲਾਹ ਦਾ ਅਹਿਸਾਨ ਅਤੇ ਇਨਾਮ ਹੈ ਅਤੇ ਅੱਲਾਹ ਸਭ ਕੁੱਝ ਜਾਣਨ ਵਾਲਾ ਅਤੇ ਯੁਕਤੀਮਾਨ (ਹਿਕਮਤ) ਵਾਲਾ ਹੈ।

9਼ ਅਤੇ (ਹੇ ਮੁਸਲਮਾਨੋ!) ਜੇ ਈਮਾਨ ਵਾਲਿਆਂ ਦੇ ਦੋ ਧੜੇ ਆਪੋ ਵਿਚ ਲੜ ਪੈਣ ਤਾਂ ਉਹਨਾਂ ਵਿਚਾਲੇ ਮੇਲ-ਮਿਲਾਪ ਕਰਾ ਦਿਓ। (ਜੇ ਉਹਨਾਂ ਵਿਚਾਲੇ ਸੁਲਾਹ ਨਾ ਹੋਵੇ ਤਾਂ) ਫੇਰ ਜਿਹੜਾ ਉਹਨਾਂ ’ਚੋਂ ਦੂਜੇ ਨਾਲ ਵਧੀਕੀ ਕਰਦਾ ਹੈ ਤਾਂ ਤੁਸੀਂ ਵਧੀਕੀ ਕਰਨ ਵਾਲੇ ਨਾਲ ਲੜੋ, ਇੱਥੋਂ ਤਕ ਕਿ ਉਹ ਅੱਲਾਹ ਦੇ ਹੁਕਮਾਂ ਨੂੰ ਮੰਣਨ ਵਾਲਾ ਬਣ ਜਾਵੇ। ਜੇ ਉਹ ਸੁਲਾਹ ਵੱਲ ਪਰਤ ਆਵੇ ਤਾਂ ਇਨਸਾਫ਼ ਨਾਲ ਸੁਲਾਹ ਕਰਵਾ ਦਿਓ ਅਤੇ ਨਿਆ ਕਰੋ, ਕਿਉਂ ਜੋ ਅੱਲਾਹ ਨਿਆ ਕਰਨ ਵਾਲਿਆਂ ਨੂੰ ਹੀ ਮੁਹੱਬਤ ਕਰਦਾ ਹੈ।

10਼ (ਯਾਦ ਰੱਖੋ ਕਿ) ਸਾਰੇ ਹੀ ਈਮਾਨ ਵਾਲੇ (ਇਕ-ਦੂਜੇ ਦੇ) ਭਰਾ ਹਨ, ਸੋ ਤੁਸੀਂ ਆਪਣੇ ਭਰਾਵਾਂ ਵਿਚਾਲੇ (ਜੇ ਲੜਾਈ ਹੋ ਜਾਵੇ) ਸੁਲਾਹ ਕਰਾ ਦਿਆ ਕਰੋ ਅਤੇ ਅੱਲਾਹ ਤੋਂ ਡਰੋ ਤਾਂ ਜੋ ਤੁਹਾਡੇ ’ਤੇ ਮਿਹਰ ਕੀਤੀ ਜਾਵੇ।

11਼ ਹੇ ਈਮਾਨ ਵਾਲਿਓ! ਪੁਰਸ਼ਾਂ ਦਾ ਕੋਈ ਧੜਾ ਦੂਜੇ ਪੁਰਸ਼ਾਂ ਦਾ ਮਖੌਲ ਨਾ ਉਡਾਵੇ, ਹੋ ਸਕਦਾ ਹੈ ਕਿ ਉਹ ਲੋਕ ਉਹਨਾਂ ਨਾਲੋਂ ਚੰਗੇਰੇ ਹੋਣ, ਅਤੇ ਨਾ ਹੀ ਜ਼ਨਾਨੀਆਂ ਦੂਜੀਆਂ ਜ਼ਨਾਨੀਆਂ ਦਾ ਮਖੌਲ ਉਡਾਉਣ, ਹੋ ਸਕਦਾ ਹੈ ਕਿ ਉਹ (ਜ਼ਨਾਨੀਆਂ) ਉਹਨਾਂ ਨਾਲੋਂ ਚੰਗੀਆਂ ਹੋਣ। ਅਤੇ ਆਪਸ ਵਿਚ ਇਕ ਦੂਜੇ ਦੀਆਂ ਬੁਰਾਈਆਂ ਨਾ ਕਰੋ, ਨਾ ਹੀ ਕਿਸੇ ਨੂੰ ਭੈੜੇ ਨਾਂ ਨਾਲ ਪੁਕਾਰੋ, ਈਮਾਨ ਲਿਆਉਣ ਮਗਰੋਂ ਭੈੜੇ ਨਾਂ ਨਾਲ ਪੁਕਾਰਨਾ ਗੁਨਾਹ ਹੈ। ਜਿਹੜੇ ਲੋਕ (ਗੁਨਾਹ ਕਰਨ ਮਗਰੋਂ) ਤੌਬਾ ਨਹੀਂ ਕਰਦੇ ਉਹੀਓ ਜ਼ਾਲਿਮ ਹਨ।

12਼ ਹੇ ਈਮਾਨ ਵਾਲਿਓ! ਬਹੁਤੇ ਗੁਮਾਨ ਕਰਨ ਤੋਂ ਬਚੋ ਕਿਉਂ ਜੋ ਕਈ ਗੁਮਾਨ ਤਾਂ ਗੁਨਾਹ ਹੁੰਦੇ ਹਨ। ਤੁਸੀਂ ਇਕ ਦੂਜੇ ਦੀ ਟੋਹ ਵਿਚ ਨਾ ਰਹੋ ਅਤੇ ਨਾ ਹੀ ਤੁਹਾਡੇ ਵਿੱਚੋਂ ਕੋਈ ਕਿਸੇ ਦੀ ਚੁਗ਼ਲੀ ਕਰੇ। ਕੀ ਤੁਹਾਡੇ ਵਿੱਚੋਂ ਕੋਈ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਣਾ ਪਸੰਦ ਕਰੇਗਾ ? ਸਗੋਂ ਤੁਹਾਨੂੰ ਤਾਂ ਇਸ ਤੋਂ ਘ੍ਰਿਣਾ ਆਵੇਗੀ। 1 ਅੱਲਾਹ ਤੋਂ ਡਰੋ (ਜੇ ਕੋਈ ਪਾਪ ਹੋ ਗਿਆ ਤਾਂ ਤੌਬਾ ਕਰੋ) ਬੇਸ਼ੱਕ ਅੱਲਾਹ ਤੌਬਾ ਕਬੂਲਣ ਵਾਲਾ ਅਤੇ ਮਿਹਰਬਾਨ ਹੈ।

13਼ ਹੇ ਲੋਕੋ! ਅਸਾਂ ਤੁਹਾਨੂੰ ਸਭ ਨੂੰ ਇੱਕ ਪੁਰਸ਼ ਅਤੇ ਇਕ ਇਸਤਰੀ (ਆਦਮ ਤੇ ਹਵਾ) ਤੋਂ ਪਦਾ ਕੀਤਾ ਹੈ। ਇਕ ਦੂਜੇ ਦੀ ਪਛਾਣ ਲਈ ਤੁਹਾਡੇ ਖ਼ਾਨਦਾਨ ਅਤੇ ਕਬੀਲੇ (ਗੋਤਰ, ਬਰਾਦਰੀਆਂ) ਬਣਾ ਦਿੱਤੀਆਂ (ਪ੍ਰੰਤੂ) ਅੱਲਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਵਧੇਰੇ ਆਦਰ-ਮਾਨ ਵਾਲਾ ਤੁਹਾਡੇ ਵਿੱਚੋਂ ਉਹੀਓ ਹੈ ਜਿਹੜਾ ਸਭ ਤੋਂ ਵੱਧ (ਰੱਬ ਤੋਂ) ਡਰਦਾ ਹੈ। ਬੇਸ਼ੱਕ ਅੱਲਾਹ ਸਭ ਕੁੱਝ ਜਾਣਦਾ ਹੈ ਅਤੇ ਹਰੇਕ ਗੱਲ ਦੀ ਖ਼ਬਰ ਰੱਖਦਾ ਹੈ।

14਼ ਦਿਹਾਤੀ (ਬੱਦੂ) ਆਖਦੇ ਹਨ ਕਿ ਅਸੀਂ ਈਮਾਨ ਲਿਆਏ ਹਾਂ। ਤੁਸੀਂ (ਹੇ ਨਬੀ!) ਉਹਨਾਂ ਨੂੰ ਆਖੋ ਕਿ (ਹਕੀਕਤ ਵਿਚ ਤਾਂ) ਤੁਸੀਂ ਈਮਾਨ ਨਹੀਂ ਲਿਆਏ, ਹਾਂ ਇੰਜ ਕਹੋ ਕਿ ਅਸੀਂ ਇਸਲਾਮ ਲਿਆਏ ਹਾਂ ਜਦ ਕਿ ਸੱਚ ਇਹ ਹੈ ਕਿ ਅਜਿਹੇ ਤਕ ਤੁਹਾਡੇ ਮਨਾਂ ਵਿਚ (ਸੱਚੇ) ਈਮਾਨ ਨੇ ਪ੍ਰਵੇਸ਼ ਨਹੀਂ ਕੀਤਾ। ਜੇ ਤੁਸੀਂ ਅੱਲਾਹ ਦੀ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਫ਼ਰਮਾਂਬਰਦਾਰੀ ਕਰੋਗੇ ਤਾਂ ਅੱਲਾਹ ਤੁਹਾਡੇ ਅਮਲਾਂ ਵਿੱਚੋਂ ਕੁੱਝ ਵੀ ਘਾਟ ਨਹੀਂ ਕਰੇਗਾ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਦਿਆਲੂ ਹੈ।

15਼ ਹਕੀਕਤ ਵਿਚ (ਸੱਚੇ) ਮੋਮਿਨ ਤਾਂ ਉਹ ਹਨ ਜਿਹੜੇ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ’ਤ ਪੱਕਾ ਈਮਾਨ ਲਿਆਏ, ਫੇਰ ਉਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਕੀਤਾ ਅਤੇ ਉਹਨਾਂ ਨੇ ਆਪਣੇ ਧੰਨ ਅਤੇ ਆਪਣੀਆਂ ਜਾਨਾਂ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕੀਤਾ, ਉਹੀਓ ਲੋਕ ਸੱਚੇ ਈਮਾਨ ਵਾਲੇ ਹਨ।

16਼ (ਹੇ ਨਬੀ! ਤੁਸੀਂ ਈਮਾਨ ਦੇ ਦਾਅਵੇਦਾਰਾਂ ਨੂੰ) ਆਖੋ, ਕੀ ਤੁਸੀਂ ਅੱਲਾਹ ਨੂੰ ਆਪਣੀ ਦੀਨਦਾਰੀ ਤੋਂ ਜਾਣੂ ਕਰਵਾਂਦੇ ਹੋ ?ਜਦ ਕਿ ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੈ, ਉਸ ਤੋਂ ਅੱਲਾਹ ਭਲੀ-ਭਾਂਤ ਜਾਣੂ ਹੈ ਅਤੇ ਅੱਲਾਹ ਹੀ ਹਰ ਚੀਜ਼ ਦਾ ਗਿਆਨ ਰੱਖਦਾ ਹੈ।

17਼ (ਹੇ ਨਬੀ!) ਉਹ (ਬੱਦੂ) ਤੁਹਾਡੇ ਉੱਤੇ ਆਪਣੇ ਮੁਸਲਮਾਨ ਹੋਣ ਦਾ ਅਹਿਸਾਨ ਜਤਾਉਂਦੇ ਹਨ। ਤੁਸੀਂ ਉਹਨਾਂ ਨੂੰ ਆਖੋ ਕਿ ਆਪਣੇ ਮੁਸਲਮਾਨ ਹੋਣ ਦਾ ਅਹਿਸਾਨ ਮੇਰੇ ਸਿਰ ਨਾ ਧਰੋ, ਸਗੋਂ ਤੁਹਾਡੇ ’ਤੇ ਅੱਲਾਹ ਦਾ ਅਹਿਸਾਨ ਹੈ ਕਿ ਉਸ ਨੇ ਤੁਹਾਨੂੰ ਈਮਾਨ ਦੀ ਹਿਦਾਇਤ ਬਖ਼ਸ਼ੀ, ਜੇ ਤੁਸੀਂ ਸੱਚੇ ਹੋ। (ਤਾਂ ਇਸ ਅਹਿਸਾਨ ਨੂੰ ਕਬੂਲੋ)।

18਼ ਬੇਸ਼ੱਕ ਅੱਲਾਹ ਅਕਾਸ਼ਾਂ ਅਤੇ ਧਰਤੀ ਦੀਆਂ ਸਾਰੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ ਅਤੇ ਤੁਸੀਂ ਜੋ ਵੀ ਕਰ ਰਹੇ ਹੋ ਅੱਲਾਹ ਉਸ ਨੂੰ ਵੀ ਚੰਗੀ ਤਰ੍ਹਾਂ ਵੇਖ ਰਿਹਾ ਹੈ।