The Noble Qur'an Encyclopedia
Towards providing reliable exegeses and translations of the meanings of the Noble Qur'an in the world languagesThe wind-curved sandhills [Al-Ahqaf] - Punjabi translation - Arif Halim
Surah The wind-curved sandhills [Al-Ahqaf] Ayah 35 Location Maccah Number 46
1਼ ਹਾ, ਮੀਮ।
2਼ ਇਸ ਕਿਤਾਬ (.ਕੁਰਆਨ) ਨੂੰ ਉਤਾਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ (ਯੁਕਤੀਮਾਨ) ਹੈ।
3਼ ਅਸੀਂ ਅਕਾਸ਼ਾਂ ਤੇ ਧਰਤੀ ਅਤੇ ਜੋ ਇਹਨਾਂ ਦੋਹਾਂ ਦੇ ਵਿਚਾਲੇ ਹੈ (ਉਸ ਨੂੰ) ਹੱਕ ’ਤੇ ਆਧਾਰਿਤ ਅਤੇ ਇਕ ਨਿਸ਼ਚਿਤ ਸਮੇਂ ਲਈ ਪੈਦਾ ਕੀਤਾ ਹੈ। ਜਿਹੜੇ ਲੋਕਾਂ ਨੇ (ਰੱਬੀ ਨਿਸ਼ਾਨੀਆਂ) ਦਾ ਇਨਕਾਰ ਕੀਤਾ ਹੈ, ਉਹ ਉਹਨਾਂ ਚੀਜ਼ਾਂ ਤੋਂ ਮੂੰਹ ਮੋੜੀ ਬੈਠੇ ਹਨ, ਜਿਨ੍ਹਾਂ ਤੋਂ ਇਨ੍ਹਾਂ ਨੂੰ ਡਰਾਇਆ ਗਿਆ ਹੈ।
4਼ (ਹੇ ਨਬੀ!) ਤੁਸੀਂ ਆਖ ਦਿਓ! ਚੰਗਾ ਇਹ ਦੱਸੋ ਕਿ ਜਿਨ੍ਹਾਂ (ਇਸ਼ਟਾਂ) ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੁਕਾਰਦੇ ਹੋ, ਮੈਨੂੰ ਵਿਖਾਓ ਕਿ ਉਹਨਾਂ ਨੇ ਧਰਤੀ ਵਿਚ ਕੀ ਪੈਦਾ ਕੀਤਾ ਹੈ ? ਜਾਂ ਉਹਨਾਂ ਦਾ ਅਕਾਸ਼ (ਦੇ ਬਣਾਉਣ) ਵਿਚ ਕੋਈ ਹਿੱਸਾ ਹੈ ? ਜੇ ਤੁਸੀਂ ਸੱਚੇ ਹੋ ਤਾਂ ਇਸ (.ਕੁਰਆਨ) ਤੋਂ ਪਹਿਲਾਂ ਆਈ ਹੋਈ ਕੋਈ ਕਿਤਾਬ ਜਾਂ ਕੋਈ ਗਿਆਨ ਦੀ ਰਹਿੰਦ-ਖੂੰਧ ਹੈ ਤਾਂ ਉਹ ਮੇਰੇ ਕੋਲ ਲੈ ਆਓ!
5਼ ਉਸ ਤੋਂ ਵੱਧ ਗੁਮਰਾਹ ਕੌਣ ਹੋ ਸਕਦਾ ਹੈ, ਜਿਹੜਾ ਅੱਲਾਹ ਤੋਂ ਛੁੱਟ ਉਸ ਨੂੰ ਪੁਕਾਰਦਾ ਹੈ, ਜਿਹੜਾ ਕਿਆਮਤ ਤਕ ਉਹਨਾਂ ਨੂੰ ਉੱਤਰ ਨਹੀਂ ਦੇ ਸਕਦਾ ? ਜਦ ਕਿ ਉਹ ਉਹਨਾਂ ਦੀ ਪੁਕਾਰ ਤੋਂ ਹੀ ਬੇਸੁਰਤ ਹਨ।1
6਼ ਜਦੋਂ ਲੋਕੀ ਇਕੱਠੇ ਕੀਤੇ ਜਾਣਗੇ ਤਾਂ ਉਹ (ਘੜ੍ਹੇ ਹੋਏ ਇਸ਼ਟ) ਉਹਨਾਂ ਦੇ ਵੈਰੀ ਹੋਣਗੇ। ਉਹ (ਇਸ਼ਟ) ਉਹਨਾਂ ਦੀ ਪੂਜਾ ਪਾਠ ਦੇ ਇਨਕਾਰੀ ਹੋਣਗੇ।
7਼ ਜਦੋਂ ਉਹਨਾਂ (ਇਨਕਾਰੀਆਂ) ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਾਫ਼ਿਰ ਲੋਕ ਇਸ ਹੱਕ (.ਕੁਰਆਨ) ਦੇ ਸੰਬੰਧ ਵਿਚ ਆਖਦੇ ਹਨ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ, ਜਦ ਕਿ ਇਹ ਉਹਨਾਂ ਕੋਲ ਆ ਚੁੱਕਿਆ ਹੈ।
8਼ ਸਗੋਂ ਉਹ ਤਾਂ ਇਹ ਵੀ ਆਖਦੇ ਹਨ ਕਿ ਉਸ (ਮੁਹੰਮਦ ਸ:) ਨੇ ਇਸ (.ਕੁਰਆਨ) ਨੂੰ ਆਪੇ ਘੜ੍ਹ ਲਿਆ ਹੈ। (ਹੇ ਨਬੀ!) ਤੁਸੀਂ ਆਖ ਦਿਓ! ਜੇ ਮੈਂਨੇ ਇਹ ਆਪੇ ਘੜ੍ਹਿਆ ਹੈ ਤਾਂ ਮੈਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣਾ ਤੁਹਾਡੇ ਵੱਸ ਵਿਚ ਨਹੀਂ। ਉਹ ਉਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਇਸ (.ਕੁਰਆਨ) ਦੇ ਸੰਬੰਧ ਵਿਚ ਬਣਾਉਂਦੇ ਹੋ। ਮੇਰੇ ਤੇ ਤੁਹਾਡੇ ਵਿਚਕਾਰ ਉਸੇ ਦੀ ਗਵਾਹੀ ਕਾਫ਼ੀ ਹੈ। ਉਹ ਅਤਿ ਬਖ਼ਸ਼ਣਹਾਰ ਤੇ ਅਤਿ ਰਹਿਮ ਵਾਲਾ ਹੈ।
9਼ (ਹੇ ਨਬੀ!) ਇਹ ਵੀ ਆਖ ਦਿਓ! ਮੈਂ ਰਸੂਲਾਂ ਵਿਚ ਕੋਈ ਨਿਆਰਾ ਰਸੂਲ ਨਹੀਂ। ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਤੇ ਤੁਹਾਡੇ ਨਾਲ ਕੀ ਵਾਪਰੇਗਾ। ਮੈਂ ਤਾਂ ਬਸ ਉਸੇ ਦੀ ਪੈਰਵੀ ਕਰਦਾ ਹਾਂ, ਜਿਹੜੀ ਵਹੀ (ਰੱਬੀ ਸੁਨੇਹਾ) ਮੇਰੇ ਵੱਲ ਭੇਜੀ ਜਾਂਦੀ ਹੈ। ਮੈਂ ਤਾਂ ਕੇਵਲ ਸਾਵਧਾਨ ਕਰਨ ਵਾਲਾ ਹਾਂ।
10਼ (ਹੇ ਨਬੀ!) ਰਤਾ ਇਹ ਵੀ ਪੁੱਛੋ ਕਿ ਜੇ ਇਹ .ਕੁਰਆਨ ਅਲਾਹ ਵੱਲੋਂ ਹੋਵੇ ਅਤੇ ਤੁਸੀਂ ਇਸ ਦਾ ਇਨਕਾਰ ਕਰ ਦਿੱਤਾ ਤਾਂ ਤੁਹਾਡਾ ਕੀ ਬਚੇਗਾ? ਬਨੀ-ਇਸਰਾਈਲ ਦਾ ਇਕ ਵਿਅਕਤੀ ਇਹੋ ਜਿਹੇ (ਕਿਤਾਬ ਉੱਤਰਨ ਦੀ) ਗਵਾਹੀ ਦੇ ਚੁੱਕਿਆ ਹੈ, ਉਹ ਈਮਾਨ ਲੈ ਆਇਆ, ਪਰ ਤੁਸੀਂ ਘਮੰਡ ਕੀਤਾ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਹਿਦਾਇਤ ਨਹੀਂ ਦਿੰਦਾ।1
11਼ ਕੁਫ਼ਰ ਕਰਨ ਵਾਲਿਆਂ ਨੇ ਈਮਾਨ ਲਿਆਉਣ ਵਾਲਿਆਂ ਨੂੰ ਆਖਿਆ, ਜੇ ਇਹ (ਧਰਮ) ਚੰਗਾ ਹੁੰਦਾ ਤਾਂ ਦੂਜੇ ਲੋਕ ਉਸ ਨੂੰ ਕਬੂਲ ਕਰਨ ਵਿਚ ਸਾਥੋਂ ਅੱਗੇ ਨਾ ਲੰਘਦੇ। ਜਦੋਂ ਉਹਨਾਂ ਨੇ ਇਸ (.ਕੁਰਆਨ) ਤੋਂ ਹਿਦਾਇਤ ਪ੍ਰਾਪਤ ਕੀਤੀ ਹੀ ਨਹੀਂ ਫੇਰ ਉਹ ਤਾਂ ਹੁਣ ਇਹੋ ਕਹਿਣਗੇ ਕਿ ਇਹ ਤਾਂ ਪੁਰਾਣਾ ਝੂਠ ਹੈ।
12਼ ਇਸ (.ਕੁਰਆਨ) ਤੋਂ ਪਹਿਲਾਂ ਮੂਸਾ ਦੀ ਕਿਤਾਬ (ਤੌਰੈਤ) ਅਗਵਾਈ ਕਰਨ ਵਾਲੀ ਅਤੇ ਰਹਿਮਤ ਸੀ ਅਤੇ ਹੁਣ ਇਹ (.ਕੁਰਆਨ) ਅਰਬੀ ਭਾਸ਼ਾ ਵਿਚ ਉਸ (ਤੌਰੈਤ) ਦੀ ਪੁਸ਼ਟੀ ਕਰਨ ਵਾਲੀ ਕਿਤਾਬ ਹੈ, ਤਾਂ ਜੋ ਉਹ ਉਹਨਾਂ ਲੋਕਾਂ ਨੂੰ (ਨਰਕ ਤੋਂ) ਡਰਾਵੇ, ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਅਤੇ ਨੇਕੀਆਂ ਕਰਨ ਵਾਲਿਆਂ ਲਈ ਇਸ ਵਿਚ ਖ਼ੁਸ਼ਖ਼ਬਰੀਆਂ ਹਨ।
13਼ ਬੇਸ਼ਕ ਜਿਨ੍ਹਾਂ ਲੋਕਾਂ ਨੇ ਇਹ ਕਿਹਾ ਕਿ ਸਾਡਾ ਰੱਬ ਤਾਂ ਅੱਲਾਹ ਹੈ ਫੇਰ ਇਸੇ ’ਤੇ ਕਾਇਮ ਰਹੇ, ਉਹਨਾਂ ਲਈ (ਕਿਆਮਤ ਦਿਹਾੜੇ) ਨਾ ਕੋਈ ਡਰ-ਖ਼ੌਫ਼ ਹੈ ਤੇ ਨਾ ਹੀ ਉਹ (ਕਿਆਮਤ ਦਿਹਾੜੇ) ਦੁਖੀ ਹੋਣਗੇ।
14਼ ਇਹੋ ਲੋਕ ਜੰਨਤੀ ਹਨ, ਉਹ ਸਦਾ ਲਈ ਇਸ ਵਿਚ ਰਹਿਣਗੇ। ਇਹ ਉਹਨਾਂ ਦੇ (ਨੇਕ) ਅਮਲਾਂ ਦਾ ਬਦਲਾ ਹੈ ਜਿਹੜੇ ਉਹ (ਸੰਸਾਰ ਵਿਚ) ਕਰਿਆ ਕਰਦੇ ਸਨ।
15਼ ਅਸਾਂ ਮਨੁੱਖ ਨੂੰ ਉਸ ਦੇ ਮਾਪਿਆਂ ਨਾਲ ਸੋਹਣਾ ਵਿਹਾਰ ਕਰਨ ਦਾ ਆਦੇਸ਼ ਦਿੱਤਾ। ਉਸ ਦੀ ਮਾਤਾ ਨੇ ਉਸ ਨੂੰ ਕਸ਼ਟਾਂ ਨਾਲ ਢਿੱਡ ਵਿਚ ਰੱਖਿਆ ਤੇ ਕਸ਼ਟ ਸਹਿ ਕੇ ਹੀ ਜਣਿਆ। ਉਸ ਦੇ ਗਰਭ ਅਤੇ ਦੁੱਧ ਛੁਡਾਉਣ ਵਿਚ ਤੀਹ ਮਹੀਨਿਆਂ ਦਾ ਸਮਾਂ ਹੈ। ਇੱਥੋਂ ਤਕ ਕਿ ਜਦੋਂ ਉਹ ਆਪਣੀ ਪੁੂਰੀ ਜਵਾਨੀ ਨੂੰ ਪੁਜਿਆ ਅਤੇ ਚਾਲੀ ਵਰ੍ਹਿਆਂ ਦਾ ਹੋ ਗਿਆ ਤਾਂ ਉਸ ਨੇ ਦੁਆ ਕੀਤੀ ਕਿ ਰੱਬਾ! ਮੈਨੂੰ ਬਲ ਬਖ਼ਸ਼ ਕਿ ਮੈਂ ਤੇਰੀ ਉਸ ਨਿਅਮਤਾਂ ਦਾ ਧੰਨਵਾਦ ਕਰਾਂ ਜੋ ਤੂੰ ਮੈਨੂੰ ਤੇ ਮੇਰੇ ਮਾਪਿਆਂ ਨੂੰ ਬਖ਼ਸ਼ੀਆਂ ਹਨ। ਮੇਰੇ ਰੱਬਾ! ਮੈਨੂੰ ਹਿੰਮਤ ਦੇ ਕਿ ਮੈਂ ਉਹ ਨੇਕ ਕੰਮ ਕਰਾਂ ਜਿਸ ਨੂੰ ਤੂੰ ਪਸੰਦ ਕਰੇਂ। ਤੂੰ ਮੇਰੇ ਲਈ ਮੇਰੀ ਸੰਤਾਨ ਦਾ ਸੁਧਾਰ ਕਰ। ਬੇਸ਼ਕ ਮੈਨੇ ਤੇਰੇ ਹਜ਼ੂਰ ਤੌਬਾ ਕੀਤੀ ਹੈ ਅਤੇ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹਾਂ।
16਼ ਇਹ ਉਹ ਲੋਕ ਹਨ ਜਿਨ੍ਹਾਂ ਦੇ ਨੇਕ ਅਮਲਾਂ ਨੂੰ, ਜਿਹੜੇ ਉਹ ਕਰਦੇ ਹਨ, ਅਸੀਂ ਕਬੂਲ ਕਰਦੇ ਹਾਂ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਮੁਆਫ਼ ਕਰਦੇ ਹਾਂ, ਇਹ ਜੰਨਤੀਆਂ ਵਿੱਚੋਂ ਹੋਣਗੇ। ਇਹ ਸੱਚਾ ਵਾਅਦਾ ਹੈ ਜਿਹੜਾ ਉਹਨਾਂ ਨਾਲ (ਰੱਬ ਵੱਲੋਂ) ਕੀਤਾ ਜਾ ਰਿਹਾ ਹੈ।
17਼ ਅਤੇ ਜਿਸ ਕਿਸੇ ਨੇ ਆਪਣੇ ਮਾਪਿਆਂ ਨੂੰ ਆਖਿਆ, ਅਫਸੂਸ ਹੈ! ਤੁਹਾਡੇ ਦੋਵਾਂ (ਦੀ ਸੋਚ) ’ਤੇ, ਕੀ ਤੁਸੀਂ ਦੋਵੇਂ ਮੈਨੂੰ ਇਹ ਵਚਨ ਦਿੰਦੇ ਹੋ ਕਿ ਮੈਨੂੰ (ਕਬਰ) ਵਿੱਚੋਂ (ਜਿਊਂਦਾ) ਕੱਢਿਆ ਜਾਵੇਗਾ, ਜਦ ਕਿ ਮੈਥੋਂ ਪਹਿਲਾਂ ਬਹੁਤ ਸਾਰੀਆਂ ਉੱਮਤਾਂ ਬੀਤ ਚੁੱਕੀਆਂ ਹਨ? ਜਦ ਕਿ ਉਹ ਦੋਵੇਂ (ਮਾਂ ਤੇ ਪਿਓ ਪੁਤੱਰ ਲਈ) ਅੱਲਾਹ ਤੋਂ ਅਰਦਾਸ ਕਰਦੇ ਹਨ, (ਤੇ ਆਖਦੇ ਹਨ ਕਿ) ਪੁਤੱਰ ਈਮਾਨ ਲੈ ਆ, ਨਹੀਂ ਤਾਂ ਤੂੰ ਬਰਬਰਾਦ ਹੋ ਜਾਵੇਂਗਾ। ਬੇਸ਼ੱਕ ਅੱਲਾਹ ਦਾ ਵਾਅਦਾ (ਕਿਆਮਤ ਆਉਣ ਦਾ) ਸੱਚਾ ਹੈ। ਪਰ ਉਹ (ਪੁੱਤਰ) ਆਖਦਾ ਹੈ ਕਿ ਇਹ ਸਭ ਬੀਤੇ ਸਮੇਂ ਦੀਆਂ ਕਹਾਣੀਆਂ ਹਨ।
18਼ ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਵੱਲੋਂ ਅਜ਼ਾਬ ਆਉਣ ਦੀ ਗੱਲ ਠੀਕ ਬੈਠ ਚੁੱਕੀ ਹੈ (ਅਤੇ ਉਹਨਾਂ ਉੱਤੇ ਵੀ ਜਿਹੜੇ) ਜਿੰਨਾਂ ਤੇ ਮਨੁੱਖਾਂ ਦੇ ਟੋਲੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਬੇਸ਼ਕ ਉਹ ਘਾਟੇ ਪਾਉਣ ਵਾਲੇ ਲੋਕ ਸਨ।
19਼ ਹਰੇਕ ਲਈ ਉਸ ਦੇ ਕਰਮਾਂ ਅਨੁਸਾਰ ਦਰਜੇ ਹਨ, ਤਾਂ ਜੋ ਅੱਲਾਹ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ ਦੇਵੇ। ਉਹਨਾਂ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਨਹੀਂ ਕੀਤੀ ਜਾਵੇਗੀ।
20਼ ਜਿਸ ਦਿਨ ਕਾਫ਼ਿਰਾਂ ਨੂੰ ਅੱਗ ਦੇ ਸਾਮ੍ਹਣੇ ਪੇਸ਼ ਕੀਤਾ ਜਾਵੇਗਾ ਤਾਂ ਉਹਨਾਂ ਨੂੰ ਆਖਿਆ ਜਾਵੇਗਾ ਕਿ ਤੁਸੀਂ ਤਾਂ ਸੰਸਾਰਿਕ ਜੀਵਨ ਵਿਚ ਹੀ ਆਪਣੇ ਹਿੱਸੇ ਦੀਆਂ ਨਿਅਮਤਾਂ ਦਾ ਪੂਰਾ-ਪੂਰਾ ਸੁਆਦ ਲੈ ਲਿਆ ਅਤੇ ਤੁਸੀਂ ਉਹਨਾਂ ਤੋਂ ਪੂਰਾ ਲਾਭ ਵੀ ਉਠਾਇਆ, ਸੋ ਅੱਜ (ਕਿਆਮਤ ਦਿਹਾੜੇ) ਤੁਹਾਨੂੰ ਹੀਣਤਾ ਭਰਿਆ ਅਜ਼ਾਬ ਦਿੱਤਾ ਜਾਵੇਗਾ। ਇਸ ਲਈ ਕਿ ਤੁਸੀਂ ਧਰਤੀ ਉੱਤੇ ਅਣ-ਹੱਕਾ ਹੰਕਾਰ ਕਰਦੇ ਰਹੇ ਅਤੇ ਇਸ ਲਈ ਵੀ ਕਿ ਤੁਸੀਂ ਨਾ-ਫ਼ਰਮਾਨੀਆਂ ਕਰਦੇ ਰਹੇ।
21਼ (ਹੇ ਨਬੀ!) ਰਤਾ ਆਦ ਦੇ ਭਰਾ (ਹੂਦ) ਨੂੰ ਯਾਦ ਕਰੋ ਜਦੋਂ ਉਸ ਨੇ ਅਹਕਾਫ਼ (ਯਮਨ) ਵਿਖੇ ਆਪਣੀ ਕੌਮ ਨੂੰ (ਰੱਬੀ ਅਜ਼ਾਬ ਤੋਂ) ਡਰਾਇਆ ਸੀ। ਬੇਸ਼ਕ ਇਸ (ਹੂਦ) ਤੋਂ ਪਹਿਲਾਂ ਵੀ ਕਿੰਨੇ ਹੀ ਡਰਾਉਣ ਵਾਲੇ (ਰਸੂਲ) ਬੀਤ ਚੁੱਕੇ ਅਤੇ ਇਸ ਤੋਂ ਮਗਰੋਂ ਵੀ ਹੋ ਚੁੱਕੇ ਹਨ। (ਹਰੇਕ ਨੇ ਇਹੋ ਆਖਿਆ ਕਿ) ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਬੰਦਗੀ ਨਾ ਕਰੋ। ਬੇਸ਼ੱਕ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਹਾੜੇ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ।
22਼ ਉਹਨਾਂ (ਕੌਮ) ਨੇ ਆਖਿਆ, (ਹੇ ਹੂਦ!) ਕੀ ਤੂੰ ਸਾਡੇ ਕੋਲ ਇਸ ਲਈ ਆਇਆ ਹੈ ਕਿ ਤੂੰ ਸਾਨੂੰ ਸਾਡੇ ਇਸ਼ਟਾਂ (ਦੀ ਪੂਜਾ) ਤੋਂ ਫੇਰ ਦੇਵੇਂ? ਜੇ ਤੂੰ ਸੱਚਾ ਹੈ ਤਾਂ ਸਾਡੇ ਲਈ ਉਹ ਅਜ਼ਾਬ ਲੈ ਆ ਜਿਸ ਤੋਂ ਤੂੰ ਸਾਨੂੰ ਡਰਾਉਣਦਾ ਹੈ।
23਼ (ਹੂਦ ਨੇ) ਆਖਿਆ ਕਿ ਇਸ (ਅਜ਼ਾਬ) ਦੇ ਆਉਣ ਦਾ ਗਿਆਨ ਤਾਂ ਕੇਵਲ ਅੱਲਾਹ ਕੋਲ ਹੀ ਹੈ, ਮੈਂ ਤਾਂ ਤੁਹਾਨੂੰ ਉਹ ਸੁਨੇਹਾ ਪਹੁੰਚਾ ਰਿਹਾ ਹਾਂ ਜਿਸ ਦੇ ਨਾਲ ਮੈਨੂੰ ਭੇਜਿਆ ਗਿਆ ਹੈ। ਪਰ ਮੈਂ ਤੁਹਾਨੂੰ ਅਜਿਹੇ ਲੋਕ ਵੇਖ ਰਿਹਾ ਹਾਂ ਜਿਹੜੇ ਅਗਿਆਨਤਾ ਤੋਂ ਕੰਮ ਲੈ ਰਹੇ ਹਨ।
24਼ ਫੇਰ ਜਦੋਂ ਉਹਨਾਂ (ਹੂਦ ਦੀ ਕੌਮ) ਨੇ ਉਸ (ਅਜ਼ਾਬ) ਨੂੰ ਵੇਖਿਆ ਕਿ ਉਹਨਾਂ ਦੀਆਂ ਘਾਟੀਆਂ ਵੱਲ ਇਕ ਬਦੱਲ ਤੁਰਿਆ ਆ ਰਿਹਾ ਹੈ ਤਾਂ ਉਹ ਆਖਣ ਲੱਗੇ ਕਿ ਇਹ ਬੱਦਲ ਤਾਂ ਸਾਡੇ ‘ਤੇ ਮੀਂਹ ਵਰ੍ਹਾਉਣ ਵਾਲਾ ਹੈ। ਤਾਂ ਹੂਦ ਨੇ ਆਖਿਆ ਕਿ ਨਹੀਂ ਇਹ ਤਾਂ ਅਜ਼ਾਬ ਹੈ, ਜਿਸ ਲਈ ਤੁਸੀਂ ਕਾਹਲੀ ਕਰਦੇ ਸੀ। ਇਹ ਹਨੇਰੀ ਹੈ ਜਿਸ ਵਿਚ ਦੁਖਦਾਈ ਅਜ਼ਾਬ (ਲੁਕਿਆ ਹੋਇਆ) ਹੈ।
25਼ ਉਹ (ਹਨੇਰੀ) ਆਪਣੇ ਰੱਬ ਦੇ ਹੁਕਮ ਨਾਲ ਹਰੇਕ ਚੀਜ਼ ਨੂੰ ਬਰਬਾਦ ਕਰ ਦੇਵੇਗੀ, ਫੇਰ ਉਹ ਇੰਜ ਹੋ ਗਏ ਕਿ ਉਹਨਾਂ ਦੇ ਘਰਾਂ ਤੋਂ ਛੁੱਟ ਉੱਥੇ ਕੁੱਝ ਵੀ ਨਹੀਂ ਸੀ ਦਿਸਦਾ। ਅਸਾਂ ਅਪਰਾਧੀਆਂ ਨੂੰ ਇਸੇ ਤਰ੍ਹਾਂ ਸਜ਼ਾ ਦਿਆ ਕਰਦੇ ਹਾਂ।
26਼ ਅਸੀਂ ਆਦ ਕੌਮ ਨੂੰ ਉਹ ਕੁੱਝ ਦਿੱਤਾ ਸੀ ਜੋ ਤੁਹਾਨੂੰ ਨਹੀਂ ਬਖ਼ਸ਼ਿਆ। ਅਸਾਂ ਉਹਨਾਂ ਨੂੰ ਕੰਨ, ਅੱਖਾਂ ਤੇ ਦਿਲ ਦਿੱਤੇ, ਪਰ ਨਾ ਉਹਨਾਂ ਦੇ ਕੰਨਾਂ ਨੇ, ਨਾ ਉਹਨਾਂ ਦੀਆਂ ਅੱਖਾਂ ਨੇ ਅਤੇ ਨਾ ਹੀ ਉਹਨਾਂ ਦੇ ਦਿਲਾਂ (ਅਕਲਾਂ) ਨੇ ਉਹਨਾਂ ਨੂੰ ਕੋਈ ਲਾਭ ਦਿੱਤਾ, ਸਗੋਂ ਉਹ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਦਾ ਇਨਕਾਰ ਕਰਦੇ ਰਹੇ ਅਤੇ ਉਹਨਾਂ ਨੂੰ ਉਸ ਅਜ਼ਾਬ ਨੇ ਘੇਰ ਲਿਆ ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।
27਼ ਅਸਾਂ ਤੁਹਾਡੇ ਆਲੇ ਦੁਅਲੇ ਦੀਆਂ ਬਸਤੀਆਂ ਨਸ਼ਟ ਕਰ ਛੱਡੀਆਂ। ਅਸੀਂ ਆਪਣੀਆਂ ਆਇਤਾਂ ਨੂੰ ਤਰ੍ਹਾਂ-ਤਰ੍ਹਾਂ ਬਿਆਨ ਕੀਤਾ ਤਾਂ ਜੋ ਉਹ ਸਾਡੇ ਵੱਲ ਪਰਤ ਆਉਣ।
28਼ ਫੇਰ ਉਹਨਾਂ ਲੋਕਾਂ ਨੇ ਉਹਨਾਂ ਦੀ ਸਹਾਇਤਾ ਕਿਉਂ ਨਹੀਂ ਕੀਤੀ ਜਿਨ੍ਹਾਂ ਨੂੰ ਉਹਨਾਂ ਨੇ ਅੱਲਾਹ ਦੀ ਨੇੜਤਾ ਪ੍ਰਾਪਤ ਕਰਨ ਲਈ ਅੱਲਾਹ ਨੂੰ ਛੱਡ ਕੇ ਇਸ਼ਟ ਬਣਾ ਰੱਖਿਆ ਸੀ। ਸਗੋਂ ਉਹ ਇਸ਼ਟ ਤਾਂ ਉਹਨਾਂ ਕੋਲੋਂ ਗੁਆਚ ਗਏ ਇਹ ਸਭ ਉਹਨਾਂ ਦਾ ਝੂਠ ਤੇ ਉਹਨਾਂ ਦੀਆਂ ਘੜ੍ਹੀਆਂ ਹੋਈਆਂ ਗੱਲਾਂ ਸਨ।
29਼ (ਹੇ ਨਬੀ! ਰਤਾ ਯਾਦ ਕਰੋ) ਜਦੋਂ ਅਸੀਂ ਜਿੰਨਾਂ ਦੀ ਇਕ ਟੋਲੀ ਨੂੰ ਤੁਹਾਡੇ ਵੱਲ ਧਿਆਨ ਦੁਆਇਆ ਸੀ ਜਦੋਂ ਕਿ ਉਹ .ਕੁਰਆਨ ਸੁਣਦੇ ਸੀ। ਜਦੋਂ ਉਹ ਜਿੰਨ ਉਸ .ਕੁਰਆਨ ਨੂੰ ਸੁਣਨ ਲਈ ਹਾਜ਼ਰ ਹੋਏ ਤਾਂ (ਇਕ ਦੂਜੇ ਨੂੰ) ਆਖਿਆ “ਚੁੱਪ ਹੋ ਜਾਓ”। ਜਦੋਂ ਉਹ ਪੜ੍ਹਿਆ ਜਾ ਚੁੱਕਿਆ ਫੇਰ ਉਹ ਆਪਣੀ ਕੌਮ ਵੱਲ (ਰੱਬ ਤੋਂ) ਡਰਾਉਣ ਵਾਲੇ ਬਣ ਕੇ ਆਏ।
30਼ ਉਹਨਾਂ (ਜਿੰਨਾਂ ਨੇ) ਆਖਿਆ ਕਿ ਹੇ ਸਾਡੀ ਕੌਮ! ਬੇਸ਼ੱਕ ਅਸੀਂ ਇਕ ਕਿਤਾਬ ਸੁਣੀ ਹੈ ਜਿਹੜੀ ਮੂਸਾ ਤੋਂ ਪਿੱਛੋਂ ਉਤਾਰੀ ਗਈ ਹੈ। ਉਹ ਉਹਨਾਂ ਕਿਤਾਬਾਂ ਦੀ (ਅੱਲਾਹ ਵੱਲੋਂ ਹੋਣ ਦੀ) ਪੁਸ਼ਟੀ ਕਰਦੀ ਹੈ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਹਨ। ਉਹ ਕਿਤਾਬ ਹੱਕ ਸੱਚ ਵੱਲ ਤੇ ਸਿੱਧੇ ਰਾਹ ਵੱਲ ਅਗਵਾਈ ਕਰਦੀ ਹੈ।
31਼ ਹੇ ਸਾਡੀ ਕੌਮ ਵਾਲਿਓ! ਅੱਲਾਹ ਵੱਲ ਸੱਦਾ ਦੇਣ ਵਾਲੇ ਦੀ ਗੱਲ ਕਬੂਲ ਕਰ ਲਓ ਅਤੇ ਉਸ ਉੱਤੇ ਈਮਾਨ ਲੈ ਆਓ। ਉਹ ਤੁਹਾਡੇ ਗੁਨਾਹ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਦੁਖਦਾਈ ਅਜ਼ਾਬ ਤੋਂ ਬਚਾ ਲਵੇਗਾ।1
32਼ ਅਤੇ ਜਿਹੜਾ ਕੋਈ ਅੱਲਾਹ ਦੇ ਦਾਅਈ (ਰੱਬ ਵੱਲ ਸੱਦਣ ਵਾਲੇ) ਦੀ ਗੱਲ ਨਹੀਂ ਮੰਨੇਗਾ ਤਾਂ ਉਹ ਧਰਤੀ ਉੱਤੇ ਅੱਲਾਹ ਨੂੰ ਬੇਵਸ ਨਹੀਂ ਕਰ ਸਕੇਗਾ। ਅੱਲਾਹ ਤੋਂ ਛੁੱਟ ਉਸ ਦਾ ਕੋਈ ਸਹਾਈ ਵੀ ਨਹੀਂ ਹੋਵੇਗਾ। ਇਹੋ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ।
33਼ ਕੀ ਉਹਨਾਂ ਨੇ ਵੇਖਿਆ ਨਹੀਂ ਕਿ ਬੇਸ਼ੱਕ ਉਹ ਅੱਲਾਹ ਹੈ, ਜਿਸ ਨੇ ਅਕਾਸ਼ਾਂ ਅਤੇ ਧਰਤੀ ਨੂੰ ਸਾਜਿਆ ਅਤੇ ਉਹ ਇਹਨਾਂ ਦੀ ਰਚਨਾ ਰਚਾਉਣ ਵਿਚ ਥੱਕਿਆ ਨਹੀਂ। ਕੀ ਉਹ ਮੁਰਦਿਆਂ ਨੂੰ ਜਿਊਂਦਾ ਕਰਨ ਦੀ ਸਮਰਥਾ ਨਹੀਂ ਰਖਦਾ? ਕਿਉਂ ਨਹੀਂ! ਨਿਰਸੰਦੇਹ, ਉਹ ਤਾਂ ਹਰੇਕ ਚੀਜ਼ ਦੀ ਸਮਰਥਾ ਰਖਦਾ ਹੈ।
34਼ ਜਦੋਂ ਕਾਫ਼ਿਰਾਂ ਨੂੰ (ਨਰਕ ਦੀ) ਅੱਗ ਦੇ ਸਾਹਮਣੇ ਲਿਆਂਦਾ ਜਾਵੇਗਾ, (ਫੇਰ ਉਹਨਾਂ ਨੂੰ ਪੁੱਛਿਆ ਜਾਵੇਗਾ), ਕੀ ਇਹ (ਨਰਕ) ਸੱਚ ਨਹੀਂ ਹੈ ? ਤਾਂ ਉਹ ਆਖਣਗੇ ਕਿ ਕਿਉਂ ਨਹੀਂ! ਸਾਡੇ ਰੱਬ ਦੀ ਸੁੰਹ! (ਇਹ ਸੱਚ ਹੈ)। ਅੱਲਾਹ ਆਖੇਗਾ, ਹੁਣ ਤੁਸੀਂ ਆਪਣੇ ਇਨਕਾਰੀ ਹੋਣ ਕਾਰਨ ਅਜ਼ਾਬ ਦਾ ਸੁਆਦ ਚਖੋ।
35਼ (ਹੇ ਨਬੀ!) ਤੁਸੀਂ ਧੀਰਜ ਤੋਂ ਕੰਮ ਲਓ, ਜਿਸ ਤਰ੍ਹਾਂ (ਤੁਹਾਥੋਂ ਪਹਿਲਾਂ) ਹਿੰਮਤ ਤੇ ਹੌਸਲੇ ਵਾਲੇ ਰਸੂਲਾਂ ਨੇ ਧੀਰਜ ਤੋਂ ਕੰਮ ਲਿਆ ਸੀ।1 ਇਹਨਾਂ ਕਾਫ਼ਿਰਾਂ ਲਈ ਅਜ਼ਾਬ ਮੰਗਣ ਵਿਚ ਕਾਹਲੀ ਨਾ ਕਰੋ। ਜਿਸ ਦਿਨ ਉਹ (ਕਾਫ਼ਿਰ) ਉਸ (ਅਜ਼ਾਬ) ਨੂੰ ਵੇਖ ਲੈਣਗੇ, ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ (ਤਾਂ ਉਹ ਸਮਝਣਗੇ) ਕਿ ਉਹ ਤਾਂ (ਸੰਸਾਰ ਵਿਚ) ਦਿਨ ਦੀ ਬਸ ਇਕ ਘੜੀ ਹੀ ਠਹਿਰੇ ਸਨ। (ਹੇ ਨਬੀ) ਇਹ (ਰੱਬੀ ਪੈਗ਼ਾਮ ਲੋਕਾਂ ਤੱਕ) ਪਹੁੰਚਾ ਦਿਓ ਹੈ, ਸੋ ਨਾ-ਫ਼ਰਮਾਨ ਲੋਕਾਂ ਤੋਂ ਛੁੱਟ ਹੋਰ ਕੋਈ ਵੀ ਬਰਬਾਦ ਨਹੀਂ ਹੋਵੇਗਾ।